3 ਦਿਨ ਪਹਿਲਾਂ ਦੂਜਾ ਵਿਆਹ ਕਰਵਾਉਣ ਵਾਲੀ ਔਰਤ ਨੇ ਕੀਤੀ ਆਤਮ-ਹੱਤਿਆ

Friday, Feb 14, 2020 - 10:04 AM (IST)

3 ਦਿਨ ਪਹਿਲਾਂ ਦੂਜਾ ਵਿਆਹ ਕਰਵਾਉਣ ਵਾਲੀ ਔਰਤ ਨੇ ਕੀਤੀ ਆਤਮ-ਹੱਤਿਆ

ਪਟਿਆਲਾ (ਬਲਜਿੰਦਰ): ਇਥੇ ਗਿੱਲ ਐਨਕਲੇਵ ਦੀ ਰਹਿਣ ਵਾਲੀ 24 ਸਾਲਾ ਰਿਤੂ ਨੇ ਫਾਹ ਲੈ ਕੇ ਆਤਮ-ਤਿਆ ਕਰ ਲਈ। ਰਿਤੂ ਦਾ 3 ਦਿਨ ਪਹਿਲਾਂ ਹੀ ਦੂਜਾ ਵਿਆਹ ਹੋਇਆ ਸੀ। ਰਿਤੂ ਦਾ ਪੇਕਾ ਪਰਿਵਾਰ ਦਦਹੇੜਾ ਪਿੰਡ ਵਿਖੇ ਰਹਿੰਦਾ ਹੈ। ਪਰਿਵਾਰ ਦੀ ਸ਼ਿਕਾਇਤ 'ਤੇ ਇਸ ਮਾਮਲੇ ਵਿਚ ਪੁਲਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ।

ਜਾਣਕਾਰੀ ਮੁਤਾਬਕ ਰਿਤੂ ਨੇ ਕੁਝ ਸਾਲ ਪਹਿਲਾਂ ਲੁਧਿਆਣਾ ਦੇ ਇਕ ਲੜਕੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ। ਉਨ੍ਹਾਂ ਦਾ 5 ਸਾਲ ਦਾ ਬੱਚਾ ਵੀ ਹੈ। ਕੁਝ ਸਮਾਂ ਪਹਿਲਾਂ ਰਿਤੂ ਦੇ ਪਹਿਲੇ ਪਤੀ ਖਿਲਾਫ ਜਬਰ-ਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਹੋਇਆਸੀ। ਉਹ ਜੇਲ ਚਲਾ ਗਿਆ। ਪਹਿਲੇ ਪਤੀ ਦੇ ਜੇਲ ਜਾਣ ਤੋਂ ਬਾਅਦ ਰਿਤੂ ਆਪਣੇ ਪੇਕੇ ਪਿੰਡ ਦਦਹੇੜਾ ਵਿਖੇ ਆ ਗਈ। 3 ਦਿਨ ਪਹਿਲਾਂ ਹੀ ਉਸ ਦਾ ਗਿੱਲ ਐਨਕਲੇਵ ਵਿਖੇ ਦੂਜਾ ਵਿਆਹ ਕਰ ਦਿੱਤਾ ਗਿਆ। ਰਿਤੂ ਦਾ ਦੂਜਾ ਪਤੀ ਸਟੇਸ਼ਨਰੀ ਦੀ ਦੁਕਾਨ 'ਤੇ ਕੰਮ ਕਰਦਾ ਹੈ। ਉਹ ਆਪਣੇ ਕੰਮ 'ਤੇ ਚਲਾ ਗਿਆ। ਬਾਕੀ ਪਰਿਵਾਰ ਬਾਹਰ ਧੁੱਪ ਸੇਕ ਰਿਹਾ ਸੀ ਕਿ ਅਚਾਨਕ ਰਿਤੂ ਅੰਦਰ ਚਲੀ ਗਈ। ਉਸ ਨੇ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਜਦੋਂ ਛੋਟੇ ਬੱਚੇ ਨੇ ਲਾਸ਼ ਦੇਖੀ ਤਾਂ ਉਹ ਰੋਣ ਲੱਗ ਪਿਆ। ਪਰਿਵਾਰ ਵਾਲਿਆਂ ਨੇ ਜਾ ਕੇ ਦੇਖਿਆ ਤਾਂ ਰਿਤੂ ਦੀ ਲਾਸ਼ ਲਟਕ ਰਹੀ ਸੀ। ਲਾਸ਼ ਨੂੰ ਉਤਾਰ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸੇ ਦੌਰਾਨ ਰਿਤੂ ਦਾ ਪੇਕਾ ਪਰਿਵਾਰ ਵੀ ਆ ਗਿਆ। ਪੁਲਸ ਨੇ ਪੇਕਾ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ 174 ਦੀ ਕਾਰਵਾਈ ਕੀਤੀ ਹੈ।


author

Shyna

Content Editor

Related News