SDM ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਮਚੀ ਹਫੜਾ-ਤਫੜੀ

Friday, Jul 10, 2020 - 02:35 AM (IST)

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਦੇ ਐੱਸ.ਡੀ.ਐੱਮ. ਜੀ.ਐੱਸ. ਜੌਹਲ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਇਨ੍ਹਾਂ ਨੂੰ ਸਿਵਲ ਹਸਪਤਾਲ ’ਚ ਆਈਸੋਲੇਟ ਕੀਤਾ ਗਿਆ ਹੈ। ਐੱਸ.ਡੀ.ਐੱਮ. ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਪ੍ਰਸ਼ਾਸਨ ’ਚ ਹਫੜਾ-ਤਫੜੀ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਵੀ ਖੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ। ਜਦਕਿ ਜ਼ਿਲੇ ਦੇ ਏ.ਡੀ. ਸੀ. (ਡੀ.), ਤਹਿਸੀਲਦਾਰ, ਨਗਰ ਕੌਂਸਲ ਦੇ ਈ.ਓ, ਸਮੇਤ ਰੂਪਨਗਰ ਸਕੱਤਰੇਤ ਦੇ ਕੰਮ ਕਰਦੇ ਸਿਵਲ ਪ੍ਰਸ਼ਾਸਨ ਦੇ ਸਾਰੇ ਮੁਲਾਜ਼ਮਾਂ ਦੇ ਕੋਰੋਨਾ ਸੈਂਪਲ ਲਏ ਗਏ। ਸਿਹਤ ਵਿਭਾਗ ਦੁਆਰਾ ਸਕੱਤਰੇਤ ’ਚ ਮੋਬਾਇਲ ਵੈਨ ਭੇਜ ਕੇ ਵੱਖ-ਵੱਖ ਬ੍ਰਾਚਾਂ ’ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ। ਜਦਕਿ ਇਸ ਤੋਂ ਪਹਿਲਾਂ ਐੱਸ.ਡੀ.ਐੱਮ. ਦਫਤਰ ਦੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਸਰਕਾਰੀ ਹਸਪਤਾਲ ’ਚ ਲਏ ਗਏ ਹਨ। ਸਰਕਾਰੀ ਹਸਪਤਾਲ ਦੇ ਫਲੂ ਕਾਊਂਟਰ ’ਤੇ ਇਨ੍ਹਾਂ ਸਾਰਿਆਂ ਦੇ ਸੈਂਪਲ ਲਏ ਗਏ।

ਤਹਿਸੀਲਦਾਰ ਦਫਤਰ ’ਚ 3 ਦਿਨਾਂ ਲਈ ਪਬਲਿਕ ਡੀਲਿੰਗ ਬੰਦ

ਦੂਜੇ ਪਾਸੇ ਡਿਪਟੀ ਕਮਿਸ਼ਨਰ ਦੁਆਰਾ ਇਕ ਆਦੇਸ਼ ਜਾਰੀ ਕਰਕੇ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲਦਾਰ ਦਫਤਰ ’ਚ 3 ਦਿਨਾਂ ਲਈ ਪਬਲਿਕ ਡੀਲਿੰਗ ਨੂੰ ਬੰਦ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਦੇਸ਼ ’ਚ ਐੱਸ.ਡੀ.ਐੱਮ ਨੂੰ ਪਾਜ਼ੇਟਿਵ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲਦਾਰ ਦਫਤਰ ਅਤੇ ਤਹਿਸੀਲਦਾਰ ਦਫਤਰ ਦੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਦਫਤਰਾਂ ਨੂੰ ਸੈਨੇਟਾਈਜ਼ ਕੀਤਾ ਜਾਣਾ ਹੈ। ਉਨ੍ਹਾਂ ਤਿੰਨ ਦਿਨਾਂ ਲਈ ਐੱਸ.ਡੀ.ਐੱਮ. ਦਫਤਰ ਨੂੰ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਹੈ ਜਦਕਿ ਤਹਿਸੀਲਦਾਰ ਦਫਤਰ ਨੂੰ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਹੈ।

ਕੋਰੋਨਾ ਦੇ 4 ਨਵੇਂ ਮਾਮਲੇ ਆਏ

ਜ਼ਿਲੇ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲੇ ਦੇ ਬਲਾਕ ਨੂਰਪੁਰਬੇਦੀ ਅਤੇ ਸ੍ਰੀ ਕੀਰਤਪੁਰ ਸਾਹਿਬ ’ਚ 2-2 ਮਾਮਲੇ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਨੇ ਦੱਸਿਆ ਕਿ ਨੂਰਪੁਰਬੇਦੀ ਦੇ ਪਿੰਡ ਗੋਲੂ ਮਾਜਰਾ ’ਚ 48 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਪਿੰਡ ਔਲਖ ਦੇ 55 ਸਾਲਾ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸਦੇ ਇਲਾਵਾ ਸ੍ਰੀ ਕੀਰਤਪੁਰ ਸਾਹਿਬ ਦੇ ਕੋਟਲਾ ਪਾਵਰ ਹਾਊਸ ਵਾਸੀ 58 ਸਾਲਾ ਵਿਅਕਤੀ ਅਤੇ ਪਿੰਡ ਸ਼ੇਖੂਪੁਰ ਵਾਸੀ 70 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲੇ ’ਚ ਹੁਣ ਤੱਕ 14146 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 13317 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 707 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਜ਼ਿਲੇ ’ਚ ਹੁਣ 11 ਐਕਟਿਵ ਮਾਮਲੇ ਹਨ ਜਦਕਿ 110 ਲੋਕ ਠੀਕ ਹੋ ਚੱੁਕੇ ਹਨ।


Bharat Thapa

Content Editor

Related News