30 ਹਜ਼ਾਰ ਤੋਂ ਵੱਧ ਪਟਾਕੇ ਖਰੀਦਣ ਲਈ ਐੈੱਸ. ਡੀ. ਐੈੱਮ. ਦਫ਼ਤਰ ਤੋਂ ਲੈਣੀ ਪਵੇਗੀ ਪ੍ਰਵਾਨਗੀ

Thursday, Oct 05, 2017 - 12:08 PM (IST)

30 ਹਜ਼ਾਰ ਤੋਂ ਵੱਧ ਪਟਾਕੇ ਖਰੀਦਣ ਲਈ ਐੈੱਸ. ਡੀ. ਐੈੱਮ. ਦਫ਼ਤਰ ਤੋਂ ਲੈਣੀ ਪਵੇਗੀ ਪ੍ਰਵਾਨਗੀ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਦੀਵਾਲੀ ਦੇ ਤਿਉਹਾਰ ਸਬੰਧੀ ਲੋਕਾਂ ਦੀ ਸਿਹਤ ਤੇ ਸੁਰੱਖਿਆ ਸਬੰਧੀ ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਦੁਕਾਨਦਾਰਾਂ ਤੇ ਮਠਿਆਈ ਵਿਕ੍ਰੇਤਾਵਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਦੁਕਾਨਦਾਰਾਂ ਨੂੰ ਐੱਸ. ਡੀ. ਐੱਮ. ਸਮਰਾਲਾ ਅਮਿਤ ਬੈਬੀ ਦੇ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਦੁਕਾਨਦਾਰ, ਜਿਸ ਨੇ ਪਟਾਕੇ ਵੇਚਣੇ ਹਨ, ਨਗਰ ਕੌਂਸਲ ਵਲੋਂ ਆਪਣਾ ਲਾਇਸੰਸ ਜ਼ਰੂਰ ਬਣਾਵੇ ਤੇ ਪਟਾਕੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਵੇਚਣÎ ਦੀ ਬਜਾਏ ਖੁੱਲ੍ਹੀ ਥਾਂ 'ਤੇ ਉਨ੍ਹਾਂ ਦੇ ਸਟਾਲ ਲਾਏ ਜਾਣ। ਪਟਾਕਿਆਂ ਦੇ ਸਟਾਲ ਲਾਉਣ ਵਾਲੇ ਦੁਕਾਨਦਾਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਮੌਕੇ 'ਤੇ ਸਾਰੇ ਪ੍ਰਬੰਧ ਕਰਨੇ ਜ਼ਰੂਰੀ ਹੋਣਗੇ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ 30 ਹਜ਼ਾਰ ਤੋਂ ਵੱਧ ਦੇ ਪਟਾਕੇ ਖਰੀਦਣਾ ਚਾਹੁੰਦਾ ਹੈ ਤਾਂ ਉਸਨੂੰ ਐੱਸ. ਡੀ. ਐੱਮ. ਦਫ਼ਤਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਢਕ ਕੇ ਵੇਚਣਗੇ ਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਮਠਿਆਈਆਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਨਕਲੀ ਖੋਆ ਜਾਂ ਮਿਲਾਵਟੀ ਮਠਿਆਈਆਂ ਪਾਈਆਂ ਗਈਆਂ ਤਾਂ ਉਸ ਖਿਲਾਫ਼ ਸਖਤ ਕਾਰਵਾਈ ਹੋਵੇਗੀ। 
ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ 'ਚ ਆਵਾਜਾਈ ਵਧ ਜਾਂਦੀ ਹੈ, ਇਸ ਲਈ ਦੁਕਾਨਦਾਰ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਸਟਾਲ ਨਾ ਲਾਉਣ ਕਿਉਂਕਿ ਇਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਮੀਟਿੰਗ 'ਚ ਸਿਹਤ ਵਿਭਾਗ ਦੇ ਡਾ. ਸੁਖਵਿੰਦਰ ਕੌਰ, ਵਿਭਾਗ ਅਫ਼ਸਰ ਗੁਰਮੇਲ ਸਿੰਘ, ਸੁਖਦੇਵ ਸਿੰਘ ਬਿੱਟੂ ਤੇ ਦੁਕਾਨਦਾਰ ਵੀ ਮੌਜੂਦ ਸਨ।


Related News