ਵਾਹ ਓਏ ਡਿਜੀਟਲ ਇੰਡੀਆ, ਘਰ ਖੜ੍ਹੇ ਸਕੂਟਰ ਦਾ ਆਗਰਾ ''ਚ ਕੱਟਿਆ ਗਿਆ ਈ-ਚਲਾਨ
Wednesday, Jan 08, 2020 - 05:22 PM (IST)
ਲੁਧਿਆਣਾ (ਸੁਰਿੰਦਰ ਸੰਨੀ) : ਸਾਡਾ ਦੇਸ਼ ਤਰੱਕੀ ਵੱਲ ਵਧ ਰਿਹਾ ਹੈ। ਹਰ ਵਿਅਕਤੀ ਦੇ ਹੱਥ 'ਚ ਮੋਬਾਇਲ ਫੋਨ ਹੈ ਅਤੇ ਟਿਕਟ ਬੁਕਿੰਗ, ਰਿਚਾਰਜ, ਬਿੱਲ ਪੇਮੈਂਟ, ਬੈਂਕਿੰਗ ਸਮੇਤ ਕਈ ਹੋਰ ਟਰਾਂਜ਼ੈਕਸ਼ਨਜ਼ ਮੋਬਾਇਲ ਫੋਨ ਰਾਹੀਂ ਹੀ ਹੋ ਰਹੀਆਂ ਹਨ ਪਰ ਅੱਜ ਦੇ ਡਿਜੀਟਲ ਯੁਗ 'ਚ ਆਮ ਕਰ ਕੇ ਸਾਈਬਰ ਫਰਾਡ, ਠੱਗੀ ਦੇ ਕੇਸ ਜਾਂ ਸਰਕਾਰੀ ਵਿਭਾਗਾਂ ਵੱਲੋਂ ਕਈ ਗਲਤੀਆਂ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ।
ਅਜਿਹਾ ਹੀ ਇਕ ਕੇਸ ਸਥਾਨਕ ਕਸਬੇ ਦੋਰਾਹਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਹੈ। ਨੌਜਵਾਨ ਦੇ ਘਰ ਖੜ੍ਹੇ ਸਕੂਟਰ ਦਾ ਆਗਰਾ 'ਚ ਓਵਰਸਪੀਡ ਦਾ ਈ-ਚਲਾਨ ਕੱਟਿਆ ਗਿਆ, ਜਿਸ ਦੀ ਜੁਰਮਾਨਾ ਰਾਸ਼ੀ 2500 ਰੁਪਏ ਹੈ। ਇਸ ਸਬੰਧੀ ਉਸ ਨੂੰ ਜਦੋਂ ਮੋਬਾਇਲ ਫੋਨ 'ਤੇ ਮੈਸਜ ਆਇਆ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਈ-ਚਲਾਨ ਨੂੰ ਆਟੋਮੈਟਿਕ ਸਪੀਡ ਰਾਡਾਰ ਅਤੇ ਕੈਮਰਿਆਂ ਦੀ ਮਦਦ ਨਾਲ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਲਾਨ ਕਿਸੇ ਕਾਰ ਦਾ ਕੱਟਿਆ ਗਿਆ ਹੈ, ਜਦੋਂਕਿ ਉਕਤ ਨੰਬਰ ਉਸ ਦੇ ਸਕੂਟਰ 'ਤੇ ਲੱਗਾ ਹੋਇਆ ਹੈ ਅਤੇ ਉਹ ਸਕੂਟਰ 'ਤੇ ਆਗਰਾ ਕਦੇ ਗਿਆ ਹੀ ਨਹੀਂ। ਹਾਲਾਂਕਿ ਚਲਾਨ ਨੂੰ ਆਨਲਾਈਨ ਭੁਗਤਿਆ ਜਾ ਸਕਦਾ ਹੈ ਪਰ ਨੌਜਵਾਨ ਦਾ ਕਹਿਣਾ ਹੈ ਕਿ ਉਹ ਉਸ ਜੁਰਮ ਦਾ ਜੁਰਮਾਨਾ ਕਿਉਂ ਅਦਾ ਕਰੇ, ਜੋ ਉਸ ਨੇ ਕਦੇ ਕੀਤਾ ਹੀ ਨਹੀਂ। ਨੌਜਵਾਨ ਚਲਾਨ ਸਬੰਧੀ ਜਾਣਕਾਰੀ ਲੈਣ ਲਈ ਸਥਾਨਕ ਆਰ. ਟੀ. ਏ. ਦਫਤਰ ਵੀ ਆਇਆ ਪਰ ਵਿਭਾਗ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਿਆ।
ਚਲਾਨ ਨਾ ਭੁਗਤਿਆ ਤਾਂ ਆਰ. ਸੀ. ਰਹੇਗੀ ਲਾਕ
ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਖੁਦ ਨੂੰ ਵਿਦੇਸ਼ਾਂ ਦੀ ਤਰਜ਼ 'ਤੇ ਅਪਡੇਟ ਕੀਤਾ ਗਿਆ ਹੈ। ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਹੋਣ ਦੇ ਨਾਲ ਹੀ ਉਕਤ ਵਾਹਨ ਦੀ ਆਰ. ਸੀ. ਆਨਲਾਈਨ ਪੋਰਟਲ 'ਤੇ ਲਾਕ ਹੋ ਜਾਂਦੀ ਹੈ। ਜਦੋਂ ਤੱਕ ਬਿਨੈਕਾਰ ਵੱਲੋਂ ਚਲਾਨ ਦਾ ਆਨਲਾਈਨ ਜਾਂ ਆਫਲਾਈਨ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦੀ ਆਰ. ਸੀ. ਟਰਾਂਸਫਰ, ਆਰ. ਸੀ. ਰਿਨਿਊ, ਲੋਨ ਕੱਟਵਾਉਣਾ ਆਦਿ ਦਾ ਕੰਮ ਨਹੀਂ ਹੋ ਸਕੇਗਾ। ਇਸ ਸਾਰੀ ਪ੍ਰਕਿਰਿਆ ਨੂੰ ਕੇਂਦਰ ਸਰਕਾਰ ਨੇ ਆਪਣੇ ਹੱਥ 'ਚ ਲਿਆ ਹੋਇਆ ਹੈ।
ਕਾਰ 'ਤੇ ਲੱਗਾ ਫਰਜ਼ੀ ਨੰਬਰ ਜਾਂ ਆਪ੍ਰੇਟਰ ਤੋਂ ਪੜ੍ਹਿਆ ਗਿਆ ਗਲਤ
ਇਸ ਸਾਰੇ ਕੇਸ 'ਚ ਗਲਤੀ ਹੋਣ ਦੀਆਂ 2 ਗੱਲਾਂ ਸਾਹਮਣੇ ਆ ਰਹੀਆਂ ਹਨ। ਪਹਿਲੀ ਇਹ ਕਿ ਕਿਸੇ ਅਪਰਾਧਕ ਪ੍ਰਵਿਰਤੀ ਦੇ ਵਿਅਕਤੀ ਨੇ ਕਾਰ 'ਤੇ ਫਰਜ਼ੀ ਨੰਬਰ ਪਲੇਟ ਲਾਈ ਹੋਵੇਗੀ ਅਤੇ ਕਾਰ ਨੂੰ ਉੱਤਰ ਪ੍ਰਦੇਸ਼ ਦੀਆਂ ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੌੜਾਇਆ ਹੋਵੇਗਾ ਜਾਂ ਫਿਰ ਈ-ਚਾਲਾਨ ਨੂੰ ਤਿਆਰ ਕਰਨ ਵਾਲੇ ਆਪ੍ਰੇਟਰ ਤੋਂ ਗਲਤੀ ਨਾਲ ਓਵਰਸਪੀਡ ਕਾਰ ਦਾ ਨੰਬਰ ਗਲਤ ਪੜ੍ਹਿਆ ਗਿਆ ਹੋਵੇ ਅਤੇ ਉਸ ਨੇ ਕਾਰ ਦੀ ਬਜਾਏ ਸਕੂਟਰ ਦਾ ਨੰਬਰ ਦਰਜ ਕਰ ਕੇ ਈ-ਚਲਾਨ ਬਣਾ ਦਿੱਤਾ ਗਿਆ ਹੋਵੇ।