ਮਿਸ਼ਨ ਸ਼ਤ ਪ੍ਰਤੀਸ਼ਤ : ਸਪੈਸ਼ਲ ਫੋਕਸ ਲਈ ਆਈਡੈਂਟੀਫਾਈ ਕੀਤੇ ਜਾਣਗੇ ਸਕੂਲ

Wednesday, Jan 20, 2021 - 01:21 AM (IST)

ਮਿਸ਼ਨ ਸ਼ਤ ਪ੍ਰਤੀਸ਼ਤ : ਸਪੈਸ਼ਲ ਫੋਕਸ ਲਈ ਆਈਡੈਂਟੀਫਾਈ ਕੀਤੇ ਜਾਣਗੇ ਸਕੂਲ

ਲੁਧਿਆਣਾ, (ਵਿੱਕੀ)- ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਵਿਚ ਵਿੱਦਿਆਰਥੀਆਂ ਦੇ ਗੁਣਕਾਰੀ ਸੁਧਾਰ ਅਤੇ ‘ਮਿਸ਼ਨ ਸ਼ਤ ਪ੍ਰਤੀਸ਼ਤ’ ਦੀ ਸਫਲਤਾ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਹੁਣ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਸਕੂਲਾਂ ਦੀ ਪਛਾਣ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਸਕੂਲਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਇਸ ਸਬੰਧੀ ਵਿਭਾਗ ਵੱਲੋਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਵਾਰ ਅਜਿਹੇ ਸਕੂਲਾਂ ਦੀ ਭਾਲ ਕੀਤੀ ਜਾਵੇ ਤਾਂ ਕਿ ਇਨ੍ਹਾਂ ਸਕੂਲਾਂ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ‘ਮਿਸ਼ਨ ਸ਼ਤ ਪ੍ਰਤੀਸ਼ਤ’ ਦੇ ਨਿਸ਼ਾਨੇ ਨੂੰ ਸਫਲਤਾ ਨਾਲ ਹਾਸਲ ਕੀਤਾ ਜਾ ਸਕੇ। ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਜ਼ਿਲੇ ਦੀ ਸੂਚੀ 1 ਹਫਤੇ ਦੇ ਅੰਦਰ ਤਿਆਰ ਕਰਦੇ ਹੋਏ ਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਕਾਰਵਾਈ ਕਰਨਾ ਯਕੀਨੀ ਬਣਾਉਣਗੇ। ਸਾਰੇ ਜ਼ਿਲਾ ਸਿੱਖਿਆ ਅਧਿਕਾਰੀ/ਉਪ ਜ਼ਿਲਾ ਸਿੱਖਿਆ ਅਧਿਕਾਰੀ/ਬਲਾਕ ਨੋਡਲ ਅਧਿਕਾਰੀ/ਡੀ. ਐੱਮ. ਅਤੇ ਬੀ. ਐੱਮ./ਸਿੱਖਿਆ ਸੁਧਾਰ ਟੀਮ ਮੈਂਬਰਾਂ/ਜ਼ਿਲਾ ਨੋਡਲ ਅਧਿਕਾਰੀਆਂ ਕੋਲ ਇਨ੍ਹਾਂ ਸਕੂਲਾਂ ਦੀ ਲਿਸਟ ਮੌਜੂਦ ਰਹੇਗੀ ਅਤੇ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਸਕੂਲਾਂ ਦੇ ਵਿੱਦਿਆਰਥੀਆਂ ’ਤੇ ਫੋਕਸ ਕੀਤਾ ਜਾਵੇਗਾ।

ਇਨ੍ਹਾਂ ਚੀਜ਼ਾਂ ’ਤੇ ਕੀਤਾ ਜਾਵੇਗਾ ਫੋਕਸ

-ਉਹ ਸਕੂਲ, ਜਿੱਥੇ ਦਸੰਬਰ 2020 ਵਿਚ 40 ਫੀਸਦੀ ਤੋਂ ਘੱਟ ਨਤੀਜੇ ਵਾਲੇ ਵਿੱਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ।

-ਉਹ ਸਕੂਲ, ਜਿਨ੍ਹਾਂ ਦੇ ਵਿੱਦਿਆਰਥੀ ਬੋਰਡ ਦੀਆਂ ਕਲਾਸਾਂ ਵਿਚ ਮੈਰਿਟ ਵਿਚ ਆ ਸਕਦੇ ਹਨ, ਮਤਲਬ ਮੈਰੀਟੋਰੀਅਸ ਬੱਚਿਆਂ ਵਾਲੇ ਸਕੂਲਾਂ ਦੀ ਚੋਣ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿਚ ਆ ਸਕਣ।

-ਉਹ ਸਕੂਲ, ਜਿੱਥੇ ਵਿੱਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਹੈ ਜਾਂ ਵਿੱਦਿਆਰਥੀ ਜ਼ਿਆਦਾਤਰ ਗੈਰ-ਹਾਜ਼ਰ ਰਹਿੰਦੇ ਹਨ।

-ਉਹ ਸਕੂਲ, ਜਿੱਥੇ ਅਧਿਆਪਕਾਂ ਦੀ ਬਹੁਤ ਜ਼ਿਆਦਾ ਕਮੀ ਹੈ, ਜਿਸ ਕਾਰਨ ਵਿੱਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਬੱਚਿਆਂ ਨੂੰ ਕੀਤਾ ਜਾਵੇਗਾ ਅਡਾਪਟ

ਸਾਲਾਨਾ ਪ੍ਰੀਖਿਆਵਾਂ ਵਿਚ ‘ਮਿਸ਼ਨ ਸ਼ਤ ਪ੍ਰਤੀਸ਼ਤ’ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਲੜੀ ਤਹਿਤ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਸਕੂਲ ਦੇ ਬੱਚਿਆਂ ਨੂੰ ਅਡਾਪਟ ਕਰਨ ਲਈ ਕਿਹਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੇੜੇ ਆ ਚੁੱਕੀਆਂ ਹਨ। ‘ਮਿਸ਼ਨ ਸ਼ਤ ਪ੍ਰਤੀਸ਼ਤ’ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸਾਰੇ ਜ਼ਿਲਾ ਸਿੱਖਿਆ ਅਧਿਕਾਰੀ/ਉਪ ਜ਼ਿਲਾ ਸਿੱਖਿਆ ਅਧਿਕਾਰੀ/ ਸਿੱਖਿਆ ਸੁਧਾਰ ਟੀਮਾਂ/ਡੀ. ਐੱਮ. ਅਤੇ ਬੀ. ਐੱਮ./ਬਲਾਕ ਅਤੇ ਨੋਡਲ ਅਧਿਕਾਰੀ ਆਪਣੇ ਤਹਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਡਾਪਟ ਕਰਨਾ ਯਕੀਨੀ ਬਣਾਉਣਗੇ।


author

Bharat Thapa

Content Editor

Related News