''ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਬਣ ਜਾਂਦੇ'', ਐਕਸ਼ਨ ਮੋਡ ''ਚ ਦਿਸੇ ਸਿੱਖਿਆ ਮੰਤਰੀ

Friday, Oct 13, 2023 - 06:01 AM (IST)

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਸਿਰਫ਼ ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਅਤੀਤ ਵਿੱਚ ਰਹੀਆਂ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਦੀ ਸਿੱਖਿਆ ਪ੍ਰਤੀ ਸੁਹਿਰਦਤਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਸਭ ਤੋਂ ਵੱਡਾ ਗਵਾਹ ਹੈ। ਹਰਜੋਤ ਸਿੰਘ ਬੈਂਸ ਵੱਲੋਂ ਅੱਜ ਚੰਡੀਗੜ੍ਹ ਦੇ ਨਾਲ ਲਗਦੇ ਪੰਜਾਬ ਰਾਜ ਦੇ ਪਿੰਡ ਮਸੌਲ ਦਾ ਦੌਰਾ ਕੀਤਾ ਗਿਆ। ਇਸ ਸਕੂਲ ਨੂੰ ਕਾਂਗਰਸ ਸਰਕਾਰ ਵੱਲੋਂ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਸੀ ਪ੍ਰੰਤੂ ਇਸ ਸਕੂਲ ਵਿੱਚ ਨਾ ਤਾਂ ਕਲਾਸਰੂਮ ਹਨ, ਨਾ ਪੀਣ ਵਾਲਾ ਪਾਣੀ, ਨਾ ਹੀ ਸਾਫ਼-ਸਫਾਈ ਦਾ ਕੋਈ ਪ੍ਰਬੰਧ ਅਤੇ ਨਾ ਹੀ ਸਕੂਲ ਦੀ ਚਾਰਦੀਵਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - Paytm ਯੂਜ਼ਰਸ ਪੜ੍ਹ ਲਓ ਇਹ ਖ਼ਬਰ, RBI ਨੇ ਠੋਕਿਆ 5.39 ਕਰੋੜ ਰੁਪਏ ਦਾ ਜੁਰਮਾਨਾ

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਰਾਜ ਵਿੱਚ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦਾ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਬਹੁਤ ਵਿਰੋਧ ਕੀਤੇ ਜਾਣ ਦਾ ਕਾਰਨ ਅੱਜ ਸਮਝ ਆਇਆ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਸਿਰਫ਼ ਨਾਮ ਦੇ ਸਮਾਰਟ ਸਕੂਲ ਬਣਾ ਕੇ ਹੀ ਲੋਕਾਂ ਨੂੰ ਮੂਰਖ ਬਣਾਉਣ ਨੂੰ ਹੀ ਪ੍ਰਾਪਤੀ ਸਮਝਦੀਆਂ ਹਨ ਜਦਕਿ ਸਾਡੀ ਸਰਕਾਰ ਲੋਕਾਂ ਨੂੰ ਸੱਚਮੁੱਚ ਦੇ ਬਿਹਤਰੀਨ ਸਕੂਲ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਜਿਸ ਤੋਂ ਇਨ੍ਹਾਂ ਪਾਰਟੀਆਂ ਨੂੰ ਦਿੱਕਤ ਮਹਿਸੂਸ ਹੁੰਦੀ ਹੈ। ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੈਸ (ਐਨ.ਏ.ਐਸ.) ਦੀ ਰਿਪੋਰਟ ਦੇ ਆਧਾਰ ‘ਤੇ ਆਪਣੇ ਆਪ ਨੂੰ ਦੇਸ਼ ਦਾ ਸਰਵੋਤਮ ਸਿੱਖਿਆ ਮਾਡਲ ਵਾਲਾ ਸਕੂਲ ਦੱਸਦੀਆਂ ਸਨ। ਇਸ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਦੇ 50 ਫੀਸਦੀ ਵਿਦਿਆਰਥੀ ਨੂੰ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੇ ਵਿਦਿਆਰਥੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿੱਚ ਬਿਲਕੁਲ ਅਸਮਰੱਥ ਸਨ।

ਉਨ੍ਹਾਂ ਕਿਹਾ ਕਿ 1990 ਵਿਚ ਸਕੂਲ ਲਈ ਬਣਾਈ ਗਈ ਬਿਲਡਿੰਗ ਬਿਨਾਂ ਵਰਤੋਂ ਦੇ ਹੀ ਖੰਡਰ ਬਣ ਗਈ ਹੈ ਜਿਸ ਬਾਰੇ ਬੀਤੇ ਤਿੰਨ ਦਹਾਕਿਆਂ ਵਿਚ ਰਹੇ ਕਿਸੇ ਵੀ ਸਿੱਖਿਆ ਮੰਤਰੀ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਸਫ਼ਾਈ ਦੀ ਸ਼ੁਰੂਆਤ ਖੁਦ ਕਰਦਿਆਂ ਸਕੂਲ ਵਿਚ ਝਾੜੂ ਲਗਾਇਆ ਗਿਆ ਅਤੇ ਨਾਲ ਹੀ ਕਮਰਿਆਂ ਵਿਚ ਲੱਗੇ ਜਾਲਿਆਂ ਨੂੰ ਲਾਹਿਆ ਗਿਆ। ਇਸ ਕੰਮ ਵਿਚ ਨਰੇਗਾ ਵਰਕਰਾਂ ਵੱਲੋਂ ਵੀ ਸਾਥ ਦਿੱਤਾ ਗਿਆ। ਸਫਾਈ ਦੌਰਾਨ ਸਕੂਲ ਸਿੱਖਿਆ ਮੰਤਰੀ ਨੂੰ ਦੋ ਡੱਬਾਬੰਦ ਕੰਪਿਊਟਰ ਵੀ ਮਿਲੇ ਜੋ ਕਿ ਬੀਤੇ ਤਿੰਨ ਸਾਲ ਤੋਂ ਬਿਨਾਂ ਵਰਤੋਂ ਤੋਂ ਹੀ ਸਕੂਲ ਵਿਚ ਪਏ ਹੋਏ ਸਨ। 

ਇਹ ਖ਼ਬਰ ਵੀ ਪੜ੍ਹੋ - ਮਨਪ੍ਰੀਤ ਬਾਦਲ ਦੇ ਸਾਲੇ ਘਰ ਵਿਜੀਲੈਂਸ ਦੀ ਰੇਡ, ਕਈ ਦਿਨਾਂ ਤੋਂ ਫ਼ਰਾਰ ਨੇ ਸਾਬਕਾ ਵਿੱਤ ਮੰਤਰੀ

ਸਕੂਲ ਸਿੱਖਿਆ ਮੰਤਰੀ ਨੇ ਇਸ ਮੌਕੇ ਸਕੂਲ ਦੇ ਕਮਰਿਆਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਵੀ ਛੁਡਵਾਇਆ ਅਤੇ ਇੱਕ ਕਲਾਸ ਦੇ ਵਿਦਿਆਰਥੀਆਂ ਨੂੰ ਇਥੇ ਬਿਠਾਇਆ ਗਿਆ। ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਜਾਂਚ ਕਰਨ ਲਈ ਜਦੋਂ ਸਕੂਲ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਵੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿਚ ਬਿਲਕੁਲ ਅਸਮਰੱਥ ਸਨ। ਇਸ ‘ਤੇ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਦੋਵੇਂ ਅਧਿਆਪਕਾਂ ਨੂੰ ਮੁਅੱਤਲ ਕਰਨ ਅਤੇ ਨਵੇਂ ਅਧਿਆਪਕ ਤੁਰੰਤ ਨਿਯੁਕਤ ਕਰਨ ਦੇ ਵੀ ਆਦੇਸ਼ ਦਿੱਤੇ ਗਏ। 

ਮੰਤਰੀ ਦੇ ਦੌਰੇ ਦੀ ਸੂਚਨਾ ਮਿਲਣ ‘ਤੇ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਸਕੂਲ ਸਿੱਖਿਆ ਮੰਤਰੀ ਨੂੰ ਮਿਲੀਆਂ ਅਤੇ ਉਨ੍ਹਾਂ ਦਾ ਦੌਰਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਟੀ.ਵੀ. ਉੱਤੇ ਸਕੂਲ ਸਿੱਖਿਆ ਮੰਤਰੀ ਦੇ ਸਕੂਲੀ ਦੌਰੇ ਬਾਰੇ ਖਬਰਾਂ ਦੇਖਦੀਆਂ ਸਨ ਤਾਂ ਉਹ ਅਰਦਾਸ ਕਰਦੀਆਂ ਸਨ ਕਿ ਸਕੂਲ ਸਿੱਖਿਆ ਮੰਤਰੀ ਸਾਡੇ ਪਿੰਡ ਦੇ ਸਕੂਲ ਦਾ ਵੀ ਦੌਰਾ ਕਰਨ, ਜੋ ਕਿ ਅੱਜ ਸੁਣੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਸਰਕਾਰ ਨੇ ਜਾਰੀ ਕੀਤਾ 3670 ਕਰੋੜ ਰੁਪਏ ਦਾ ਬਕਾਇਆ

ਸਕੂਲ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੀ ਦਸ਼ਾ ਨੂੰ ਸੁਧਾਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਕੂਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇੱਕ ਮਹੀਨੇ ਵਿੱਚ ਹੀ ਇਸ ਸਕੂਲ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਨਾਲ ਹੀ ਅਗਲੇਰੀ ਪੜ੍ਹਾਈ ਵਾਸਤੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News