ਹੁਣ ਸਕੂਲੀ ਬੱਚੇ ਕਰਨਗੇ 'ਪਰਾਲੀ' ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ

Thursday, Oct 08, 2020 - 02:45 PM (IST)

ਹੁਣ ਸਕੂਲੀ ਬੱਚੇ ਕਰਨਗੇ 'ਪਰਾਲੀ' ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ

ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮਾ ਵੱਲੋਂ ਜਿੱਥੇ ਸਕੂਲ ਬੰਦ ਹੋਣ ਦੀ ਸਥਿਤੀ 'ਚ ਵਿਦਿਆਰਥੀਆਂ ਦੀ ਆਨਲਾਈਨ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ, ਉਥੇ ਮਹਿਕਮੇ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ ਜਾ ਰਹੀ ਹੈ। ਸਿੱਖਿਆ ਮਹਿਕਮੇ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕਤਾ ਸੁਨੇਹੇ ਦਿੱਤੇ ਜਾ ਰਹੇ ਹਨ।

ਪਿਛਲੇ ਕੁੱਝ ਦਿਨਾਂ ਤੋਂ ਮਹਿਕਮੇ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਯਤਨ ਕਰਦੇ ਹੋਏ ‘ਪਰਾਲੀ ਨੂੰ ਨਾ ਅੱਗ ਲਗਾਓ, ਪ੍ਰਦੂਸ਼ਣ ਮੁਕਤ ਪੰਜਾਬ ਬਣਾਓ’ ਅਤੇ ‘ਬੱਚਿਓ ਅੰਕਲ ਨੂੰ ਸਮਝਾਓ, ਖੇਤ ਪਰਾਲੀ ਨੂੰ ਅੱਗ ਨਾ ਲਾਓ’ ਦਾ ਸੁਨੇਹਾ ਦਿੰਦੇ ਹੋਏ ਰੰਗ-ਬਿਰੰਗੇ ਪੋਸਟਰ ਜਾਰੀ ਕੀਤੇ ਜਾ ਰਹੇ ਹਨ।

ਇਸ ਸਬੰਧੀ ਅਧਿਆਪਕ ਸੁਰਿੰਦਰ ਸਿੰਘ, ਕੰਪਿਊਟਰ ਅਧਿਆਪਕ ਰਾਜਦੀਪ ਸਿੰਘ ਸਿੱਧੂ, ਪ੍ਰਭਜੋਤ ਸਿੰਘ ਬੱਲ, ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਤੋਂ ਭਲੀ-ਭਾਂਤ ਜਾਣੂੰ ਹਾਂ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਬੁਰੀ ਤਰ੍ਹਾਂ ਗੰਧਲਾ ਹੁੰਦਾ ਹੈ ਅਤੇ ਪਰਾਲੀ ਸਾੜਨ ਤੋਂ ਪੈਦਾ ਹੋਏ ਧੂੰਏਂ ਕਾਰਨ ਸਾਹ, ਦਮੇ ਅਤੇ ਅੱਖਾਂ ਦੀਆਂ ਬੀਮਾਰੀਆਂ 'ਚ ਵਾਧਾ ਹੁੰਦਾ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੇ ਮਿੱਤਰ ਕੀੜੇ-ਮਕੌੜੇ ਅਤੇ ਪੰਛੀ ਵੀ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਵਿਦਿਆਰਥੀ ਗੌਰਵ, ਮਨਿੰਦਰ, ਪੁਲਕਿਤ, ਗੁਰਪ੍ਰੀਤ, ਨਮਨ, ਰੁਦਰਾਕਸ਼ ਦਾ ਕਹਿਣਾ ਹੈ ਕਿ ਸਾਡੀ ਅਧਿਆਪਕਾਂ ਦੇ ਸਹਿਯੋਗ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦੀ ਅਪੀਲ ਕੀਤੀ।


 


author

Babita

Content Editor

Related News