ਕਈ ਸਕੂਲਾਂ ਨੇ ਨਹੀਂ ਬਦਲਿਆ ਸਮਾਂ, ਡੀ. ਈ. ਓ. ਕੋਲ ਪਹੁੰਚੀ ਸ਼ਿਕਾਇਤ
Thursday, Jan 04, 2018 - 03:11 PM (IST)

ਲੁਧਿਆਣਾ (ਵਿੱਕੀ) : ਵਧਦੀ ਧੁੰਦ ਤੇ ਸਰਦੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਬੁੱਧਵਾਰ ਤੋਂ ਸਵੇਰੇ 10 ਵਜੇ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਪਹਿਲੇ ਹੀ ਦਿਨ ਕਈ ਸਕੂਲਾਂ ਨੇ ਏ. ਡੀ. ਸੀ. ਦੇ ਹੁਕਮਾਂ 'ਤੇ ਅਮਲ ਨਹੀਂ ਕੀਤਾ। ਲੁਧਿਆਣਾ ਦੇ ਕਈ ਅੰਦਰੂਨੀ ਇਲਾਕਿਆਂ 'ਚ ਸਥਿਤ ਸਕੂਲ ਸਵੇਰੇ ਪਹਿਲਾਂ ਤੋਂ ਹੀ ਨਿਰਧਾਰਤ ਸਮੇਂ ਸਵੇਰੇ 9 ਵਜੇ ਖੁੱਲ੍ਹੇ। ਇਥੇ ਹੀ ਬੱਸ ਨਹੀਂ ਕਈ ਨਾਮੀ ਸਕੂਲ ਵੀ ਏ. ਡੀ. ਸੀ. ਦੇ ਹੁਕਮਾਂ ਨੂੰ ਲਾਗੂ ਕਰਨ ਪ੍ਰਤੀ ਲਾਪ੍ਰਵਾਹ ਦਿਖਾਈ ਦਿੱਤੇ। ਕਈ ਪੇਰੈਂਟਸ ਨੇ ਸਕੂਲਾਂ ਦੀ ਸ਼ਿਕਾਇਤ ਸਿੱਖਿਆ ਵਿਭਾਗ ਵਿਚ ਵੀ ਫੋਨ ਕਰ ਕੇ ਕੀਤੀ।
ਡੀ. ਈ. ਓ. ਸਵਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਪੇਰੈਂਟਸ ਦੇ ਫੋਨ ਸਕੂਲਾਂ ਵਲੋਂ ਸਮੇਂ ਵਿਚ ਬਦਲਾਅ ਨਾ ਕਰਨ ਸਬੰਧੀ ਆਏ ਹਨ, ਜਿਸ ਲਈ ਅਜਿਹੇ ਸਕੂਲਾਂ ਬਾਰੇ ਲਿਖ ਕੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਭੇਜੀ ਜਾਵੇਗੀ। ਡੀ. ਈ. ਓ. ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਨਾਲ ਅਮਲ 'ਚ ਲਿਆਂਦਾ ਜਾ ਸਕੇ। ਇਸ ਲਈ ਪੇਰੈਂਟਸ ਸਿੱਖਿਆ ਵਿਭਾਗ ਕੋਲ ਅਜਿਹੇ ਸਕੂਲਾਂ ਦੀ ਸ਼ਿਕਾਇਤ ਕਰ ਸਕਦੇ ਹਨ, ਜੋ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਸਕੂਲ ਸਵੇਰੇ 10 ਵਜੇ ਤੋਂ ਨਹੀਂ ਖੋਲ੍ਹ ਰਹੇ।