''ਪਹਾੜਾ'' ਨਾ ਸੁਣਾਉਣ ''ਤੇ ਮਾਸਟਰ ਨੇ ਮਾਸੂਮ ਦੇ ਸਿਰ ''ਤੇ ਰਖਿਆ ਚਾਹ ਦਾ ਗਰਮ ਗਲਾਸ

12/03/2019 1:04:23 PM

ਲੁਧਿਆਣਾ (ਸਲੂਜਾ) : ਸਰਕਾਰੀ ਪ੍ਰਾਇਮਰੀ ਸਕੂਲ ਜੌਹਲਾਂ ਉਸ ਸਮੇਂ ਵਿਵਾਦਾਂ 'ਚ ਘਿਰ ਗਿਆ, ਜਦੋਂ ਸਕੂਲ ਦੇ ਹੀ ਇਕ ਮਾਸਟਰ ਨੇ ਪਹਿਲੀ ਕਲਾਸ 'ਚ ਪੜ੍ਹਦੀ ਬੱਚੀ ਦੇ ਸਿਰ 'ਤੇ ਚਾਹ ਦਾ ਗਰਮ ਗਲਾਸ ਇਸ ਲਈ ਰੱਖ ਦਿੱਤਾ ਕਿਉਂਕਿ ਉਸ ਨੇ 'ਪਹਾੜਾ' ਨਹੀਂ ਸੁਣਾਇਆ ਸੀ। ਇਕ ਕਾਰਨ ਇਹ ਵੀ ਦੱਸਿਆ ਗਿਆ ਕਿ ਬੱਚੀ ਦੂਜੇ ਬੱਚਿਆਂ ਦੇ ਮੁਕਾਬਲੇ 'ਚ ਜ਼ਿਆਦਾ ਰੋਂਦੀ ਸੀ, ਜਦੋਂ ਕਿ ਪੀੜਤ ਕੋਮਲਪ੍ਰੀਤ ਦੀ ਮਾਂ ਨੇ ਇਸ ਅੱਤਿਆਚਾਰ ਖਿਲਾਫ ਸਕੂਲ ਦੀ ਮੈਨਜਮੈਂਟ ਅਤੇ ਪਿੰਡ ਦੀ ਪੰਚਾਇਤ ਨੂੰ ਗੁਹਾਰ ਲਾਈ।

ਉਸ ਨੂੰ ਇਨਸਾਫ ਦੇਣ ਦੀ ਬਜਾਏ ਉਲਟ ਉਸ ਨੂੰ ਹੀ ਜ਼ਲੀਲ ਕਰਦੇ ਹੋਏ ਜ਼ੁਬਾਨ ਬੰਦ ਰੱਖਣ ਲਈ ਕਿਹਾ ਗਿਆ ਹੈ। ਮਾਸੂਮ ਦੀ ਮਾਂ ਹਰਪਾਲ ਕੌਰ ਨੇ ਜਦੋਂ ਆਪਣੇ ਨਾਲ ਹੋ ਰਹੀ ਬੇਇਨਸਾਫੀ ਬਾਰੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਹਰਪਾਲ ਕੌਰ ਤੇ ਉਸ ਦੀ ਮਾਸੂਮ ਧੀ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਨ ਦੀ ਮੰਗ ਕੀਤੀ। ਜੋਧਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਇੱਥੇ ਆਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।
ਉਕਤ ਸਕੂਲ ਟੀਚਰ 'ਤੇ ਸਿਰਫ ਮਾਸੂਮ ਦੇ ਸਿਰ 'ਤੇ ਚਾਹ ਦਾ ਗਰਮ ਗਲਾਸ ਰੱਖਣ ਦਾ ਦੋਸ਼ ਹੀ ਨਹੀਂ, ਸਗੋਂ ਇਸੇ ਪਿੰਡ ਨਾਲ ਸਬੰਧਿਤ ਇਕ ਮਿਡ-ਡੇਅ ਮੀਲ ਵਰਕਰ ਨੇ ਇਸ ਟੀਚਰ ਅਤੇ ਇਕ ਹੋਰ ਟੀਚਰ 'ਤੇ ਗੰਭੀਰ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਮਿਡ-ਡੇਅ ਮੀਲ ਵਰਕਰ ਦੇ ਤੌਰ 'ਤੇ ਕੰਮ ਕਰਦੀ ਆ ਰਹੀ ਹੈ। ਉਸ ਨੂੰ ਸਕੂਲ ਲੱਗਣ ਦੇ ਸਮੇਂ ਤੋਂ ਇਕ-ਦੋ ਘੰਟਾ ਪਹਿਲਾਂ ਬੁਲਾ ਲਿਆ ਜਾਂਦਾ ਹੈ ਅਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ।

ਉਕਤ ਟੀਚਰ ਨੇ ਦੋਵੇਂ ਮਾਮਲਿਆਂ 'ਚ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਇਨ੍ਹਾਂ 'ਚ ਰਤਾ ਭਰ ਵੀ ਸੱਚਾਈ ਨਹੀਂ ਹੈ। ਪੁਲਸ ਆਪਣੇ ਪੱਧਰ 'ਤੇ ਪਹਿਲਾਂ ਹੀ ਜਾਂਚ ਕਰ ਚੁੱਕੀ ਹੈ। ਮਾਸੂਮ ਬੱਚੀ ਦੇ ਸਿਰ 'ਤੇ ਕੋਈ ਚਾਹ ਦਾ ਗਲਾਸ ਨਹੀਂ ਰੱਖਿਆ ਗਿਆ, ਸਗੋਂ ਉਹ ਤਾਂ ਪਿਛਲੇ ਕਈ ਦਿਨਾਂ ਤੋਂ ਬੀਮਾਰ ਹੋਣ ਕਰਕੇ ਸਕੂਲ ਹੀ ਨਹੀਂ ਆ ਰਹੀ ਸੀ। ਉਨ੍ਹਾਂ ਤਾਂ ਖੁਦ ਬੱਚੀ ਦੇ ਸਕੂਲ ਨਾ ਆਉਣ ਦਾ ਕਾਰਨ ਇਨ੍ਹਾਂ ਦੇ ਘਰ ਸੰਦੇਸ਼ ਭੇਜ ਕੇ ਪੁੱਛਿਆ ਸੀ। ਉਨ੍ਹਾਂ ਨੂੰ ਤਾਂ ਇਹ ਜਵਾਬ ਮਿਲਿਆ ਕਿ ਬੱਚੀ ਦਾ ਇਲਾਜ ਚੱਲ ਰਿਹਾ ਹੈ।


Babita

Content Editor

Related News