... ਤੇ ਹੁਣ ਪੰਜਾਬ ਦੇ ਸਕੂਲਾਂ 'ਚ 'ਕਰਾਟੇ' ਸਿੱਖਣਗੀਆਂ ਵਿਦਿਆਰਥਣਾਂ

Saturday, Feb 08, 2020 - 11:25 AM (IST)

... ਤੇ ਹੁਣ ਪੰਜਾਬ ਦੇ ਸਕੂਲਾਂ 'ਚ 'ਕਰਾਟੇ' ਸਿੱਖਣਗੀਆਂ ਵਿਦਿਆਰਥਣਾਂ

ਲੁਧਿਆਣਾ (ਵਿੱਕੀ) : ਸਕੂਲੀ ਵਿਦਿਆਰਥਣਾਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਸਰਕਾਰ ਵਲੋਂ ਕਰਾਟੇ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸਮੱਗਰ ਸਿੱਖਿਆ ਮੁਹਿੰਮ ਦੇ ਤਹਿਤ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ 6ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਟ੍ਰੇਨਿੰਗ ਦੇਣ ਲਈ ਪ੍ਰਤੀ ਸਕੂਲ 5842 ਰੁਪਏ ਦੇ ਹਿਸਾਬ ਨਾਲ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਡੀ. ਜੀ. ਐੱਸ. ਈ. ਪੰਜਾਬ ਵਲੋਂ ਰਾਜ ਦੇ ਸਮੂਹ ਡੀ. ਈ. ਓਜ਼ ਨੂੰ ਭੇਜੇ ਪੱਤਰ 'ਚ ਇਸ ਸਬੰਧੀ ਕਿਹਾ ਗਿਆ ਹੈ ਕਿ ਸਕੂਲਾਂ 'ਚ ਵਿਦਿਆਰਥਣਾਂ ਨੂੰ ਕਰਾਟੇ ਟ੍ਰੇਨਿੰਗ ਫਿਜ਼ੀਕਲ ਐਜੁਕੇਸ਼ਨ ਅਧਿਆਪਕਾਵਾਂ ਵਲੋਂ ਦਿੱਤੀ ਜਾਵੇਗੀ।

ਵਿਦਿਆਰਥਣਾਂ ਨੂੰ 5 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਸਕੂਲ ਪੱਧਰ 'ਤੇ ਕੰਪੀਟਿਸ਼ਨ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਵਿਭਾਗ ਨੇ ਟ੍ਰੇਨਿੰਗ ਦੇ ਪਹਿਲੇ ਪੜਾਅ 'ਚ 6ਵੀਂ ਤੋਂ 9ਵੀਂ ਅਤੇ 11ਵੀਂ ਦੀਆਂ ਵਿਦਿਆਰਥਣਾਂ ਨੂੰ ਹੀ ਟ੍ਰੇਨਿੰਗ ਕਰਵਾਉਣ ਲਈ ਕਿਹਾ ਹੈ। ਹਾਲਾਂਕਿ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਕਾਰਨ ਉਨ੍ਹਾਂ ਦੀ ਟ੍ਰੇਨਿੰਗ ਪ੍ਰੀਖਿਆਵਾਂ ਤੋਂ ਬਾਅਦ ਰੱਖੀ ਜਾ ਸਕਦੀ ਹੈ। ਡੀ. ਜੀ. ਐੱਸ. ਈ. ਵਲੋਂ ਹਰ ਜ਼ਿਲੇ ਦੇ ਸਕੂਲਾਂ ਦੀ ਗਿਣਤੀ ਮੁਤਾਬਕ ਜੋ ਲਿਸਟ ਭੇਜੀ ਗਈ ਹੈ, ਉਸ ਮੁਤਾਬਕ ਸੂਬੇ ਭਰ ਦੇ 2657 ਮਿਡਲ ਅਤੇ 3509 ਸੈਕੰਡਰੀ ਸਕੂਲਾਂ ਨੂੰ ਪ੍ਰਤੀ ਸਕੂਲ 5842 ਰੁਪਏ ਪ੍ਰਤੀ ਸਕੂਲ ਦੇ ਮੁਤਾਬਕ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲਿਆਂ ਲਈ ਕੁੱਲ 3.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।


author

Babita

Content Editor

Related News