ਸਕੂਲ ਸਿੱਖਿਆ ਮਹਿਕਮੇ ਵੱਲੋਂ ਅਧਿਆਪਕ ਦਿਵਸ ਮੌਕੇ 20 ਨਵੇਂ ਪੁਰਸਕਾਰ ਦੇਣ ਦਾ ਐਲਾਨ

08/28/2020 5:14:10 PM

ਮੋਹਾਲੀ/ਫ਼ਰੀਦਕੋਟ/ਲੁਧਿਆਣਾ (ਵਿੱਕੀ, ਜਸਬੀਰ ਕੌਰ, ਬਾਂਸਲ) : ਸਿੱਖਿਆ ਮਹਿਕਮਾ ਪੰਜਾਬ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ 'ਅਧਿਆਪਕ ਦਿਵਸ' ਮੌਕੇ ਸਿੱਖਿਆ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਪੁਰਸਕਾਰ ਮਹਿਕਮੇ ਲਈ ਨਿਵੇਕਲੇ ਕਾਰਜਾਂ ਅਤੇ ਮਲਟੀਮੀਡੀਆ ਤਕਨੀਕਾਂ ਦੀ ਵਰਤੋਂ ਕਰਕੇ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਉਪਯੋਗੀ ਬਣਾਉਣ, ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੀਤੇ ਸੁਹਿਰਦ ਯਤਨਾਂ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੇ ਆਧਾਰ 'ਤੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਆਪਕਾਂ, ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਉਮੀਦਵਾਰਾਂ ਦੀ ਚੋਣ ਮਹਿਕਮੇ ਵੱਲੋਂ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇਗੀ। ਮਹਿਕਮੇ ਦੇ ਬੁਲਾਰੇ ਅਨੁਸਾਰ ਸਰਕਾਰੀ ਸਕੂਲਾਂ 'ਚ ਕੰਮ ਕਰ ਰਹੇ ਨੌਜਵਾਨ ਅਧਿਆਪਕ ਅਤੇ ਸਕੂਲ ਮੁਖੀ, ਜਿੰਨ੍ਹਾਂ ਨੇ ਰੈਗੂਲਰ, ਸਮੱਗਰਾ ਜਾਂ ਪਿਕਟਸ ਸੋਸਾਇਟੀਆਂ 'ਚ ਪੁਰਸਕਾਰ ਲਈ ਨਾਮਜ਼ਦਗੀ ਦੀ ਨਿਰਧਾਰਤ ਤਾਰੀਕ ਤੱਕ ਤਿੰਨ ਸਾਲ ਤੋਂ ਵੱਧ ਅਤੇ ਦਸ ਸਾਲ ਤੋਂ ਘੱਟ ਦੀ ਸੇਵਾ ਸਰਕਾਰੀ ਸਕੂਲਾਂ 'ਚ ਕੀਤੀ ਹੋਵੇ ਨੂੰ ਮੈਰਿਟ ਅਨੁਸਾਰ 'ਯੁਵਾ ਅਧਿਆਪਕ ਪੁਰਸਕਾਰ' ਮਿਲੇਗਾ। ਇਸ ਵਰਗ 'ਚ 10 ਅਧਿਆਪਕਾਂ ਨੂੰ 'ਯੁਵਾ ਅਧਿਆਪਕ ਪੁਰਸਕਾਰ' ਪ੍ਰਦਾਨ ਕੀਤੇ ਜਾਣਗੇ। ਜਿਸ ਤਹਿਤ 4 ਪ੍ਰਾਇਮਰੀ ਅਤੇ 6 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਕੰਮ ਕਰਦੇ ਯੁਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਮੈਰਿਟ ਅਨੁਸਾਰ ਪੁਰਸਕਾਰ ਲਈ ਚੋਣ ਕੀਤੀ ਜਾਵੇਗੀ। ਸਿੱਖਿਆ ਮਹਿਕਮੇ ਵੱਲੋਂ ਇਸ ਸਾਲ ਪਹਿਲੀ ਵਾਰ 'ਪ੍ਰਬੰਧਕ ਪੁਰਸਕਾਰ' ਨਾਲ 10 ਅਧਿਕਾਰੀਆਂ ਨੂੰ ਨਿਵਾਜਿਆ ਜਾਵੇਗਾ।

ਇਹ ਵੀ ਪੜ੍ਹੋ : ਚੁਘ ਦਾ ਦੋਸ਼, ਕੈਪਟਨ ਸਣੇ 7 ਗੈਰ-ਭਾਜਪਾ ਮੁੱਖ ਮੰਤਰੀ ਲੱਖਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ

ਇਨ੍ਹਾਂ 'ਚ ਇਕ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਇਕ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਇਕ ਉਪ-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਇਕ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਪੰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਇਕ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ਾਮਲ ਹੋਵੇਗਾ। 'ਯੁਵਾ ਅਧਿਆਪਕ ਪੁਰਸਕਾਰ' ਅਤੇ 'ਪ੍ਰਬੰਧਕ ਪੁਰਸਕਾਰ' ਦੀ ਮੈਰਿਟ ਬਣਾਉਣ ਲਈ 100 ਅੰਕਾਂ ਦੇ ਮੁਲਾਂਕਣ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। 'ਯੁਵਾ ਅਧਿਆਪਕ ਪੁਰਸਕਾਰ' ਅਤੇ 'ਪ੍ਰਬੰਧਕ ਪੁਰਸਕਾਰ' ਲਈ ਵਿਭਾਗੀ ਵੈਬਸਾਈਟ ਰਾਹੀਂ 26 ਤੋਂ 28 ਅਗਸਤ ਤੱਕ ਆਨਲਾਈਨ ਜਾਰੀ ਹਦਾਇਤਾਂ ਅਨੁਸਾਰ ਯੁਵਾ ਅਧਿਆਪਕ, ਸਕੂਲ ਮੁਖੀ ਜਾਂ ਅਧਿਕਾਰੀ ਦਾ ਨਾਮੀਨੇਸ਼ਨ ਕੀਤਾ ਜਾ ਸਕਦਾ ਹੈ। ਇਸ ਪੁਰਸਕਾਰ ਦੀ ਨੀਤੀ ਤਹਿਤ ਜੇਕਰ ਕੋਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਅਧਿਆਪਕ ਇਸ ਪੁਰਸਕਾਰ ਦਾ ਨਿਰਾਦਰ ਕਰਦਾ ਹੈ ਜਾਂ ਵਾਪਸ ਕਰਨ ਦੀ ਚੇਤਾਵਨੀ ਦਿੰਦਾ ਹੈ ਤਾਂ ਉਸ ਤੋਂ ਇਹ ਪੁਰਸਕਾਰ ਵਿਭਾਗ ਵੱਲੋਂ ਵਾਪਸ ਲੈ ਲਿਆ ਜਾਵੇਗਾ ਅਤੇ ਅਧਿਆਪਕ ਦੇ ਭਵਿੱਖ 'ਚ ਦੁਬਾਰਾ ਅਪਲਾਈ ਕਰਨ 'ਤੇ ਪੂਰਨ ਪਾਬੰਦੀ ਹੋਵੇਗੀ। ਜੇਕਰ ਪੁਰਸਕਾਰ ਜੇਤੂ ਅਧਿਆਪਕ ਦਾ ਆਉਣ ਵਾਲੇ ਤਿੰਨ ਸਾਲਾਂ 'ਚ ਜਮਾਤ ਦਾ ਨਤੀਜਾ ਜਾਂ ਵਿਭਾਗ ਵੱਲੋਂ ਕਰਵਾਏ ਗਏ ਕੋਈ ਵਿਸ਼ੇਸ਼ ਮੁਲਾਂਕਣ ਲਗਾਤਾਰ ਔਸਤ ਤੋਂ ਘੱਟ ਆਉਂਦਾ ਹੈ ਤਾਂ ਉਸ ਅਧਿਆਪਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਉਪਰੰਤ ਜਵਾਬ ਸੰਤੋਸ਼ਜਨਕ ਨਾ ਹੋਣ 'ਤੇ ਪੁਰਸਕਾਰ ਵਾਪਸ ਲੈ ਲਿਆ ਜਾਵੇਗਾ। ਇਸੇ ਤਰ੍ਹਾਂ ਪੁਰਸਕਾਰ ਪ੍ਰਾਪਤ ਕਰਨ ਵਾਲਾ ਅਧਿਆਪਕ ਭਵਿੱਖ 'ਚ ਕਿਸੇ ਅਨੈਤਿਕ ਕਾਰਜ 'ਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਆਪਣੇ ਕਿਸੇ ਸਾਥੀ ਜਾਂ ਅਧਿਕਾਰੀ ਨਾਲ ਅਭੱਦਰ ਭਾਸ਼ਾ ਦਾ ਪ੍ਰਯੋਗ ਕਰਕਦਾ ਹੈ ਤਾਂ ਵਿਭਾਗੀ ਕਾਰਵਾਈ ਕੀਤੇ ਜਾਣ 'ਤੇ ਵੀ ਪੁਰਸਕਾਰ ਵਾਪਸ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼


Anuradha

Content Editor

Related News