3 ਦਿਨਾਂ ਲਈ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ

Monday, Aug 25, 2025 - 09:40 PM (IST)

3 ਦਿਨਾਂ ਲਈ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ

ਫਾਜ਼ਿਲਕਾ, (ਨਾਗਪਾਲ, ਕ੍ਰਿਸ਼ਨ)– ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਫਾਜ਼ਿਲਕਾ ਜ਼ਿਲੇ ’ਚ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਸੋਮਵਾਰ ਦੇਰ ਸ਼ਾਮ ਆਰਡਰ ਜਾਰੀ ਕਰ ਕੇ ਸਤਲੁਜ ਦਰਿਆ ਦੇ ਨਾਲ ਲੱਗਦੇ 20 ਪਿੰਡਾਂ ’ਚ 26, 27 ਅਤੇ 28 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਫਾਜ਼ਿਲਕਾ ਇਲਾਕੇ ਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਵਾਲੀ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ 1, ਵੱਲੇਸ਼ਾਹ ਹਿਠਾੜ ਉਰਫ ਗੁਲਾਬਾ ਭੈਣੀ, ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੁਰਕਾ, ਢਾਣੀ ਮੋਹਨਾ ਰਾਮ, ਵੱਲੇ ਸ਼ਾਹ ਉਤਾੜ, ਉਰਫ ਨੂਰ ਸ਼ਾਹ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਿਵਾਨੀ, ਮੁਹਾਰ ਜਮਸ਼ੇਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਤਿੰਨ ਦਿਨ ਲਈ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। 

ਹੁਕਮ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਪਿੰਡਾਂ ’ਚ ਕਾਫੀ ਪਾਣੀ ਆ ਗਿਆ ਹੈ। ਜਿਸ ਕਾਰਨ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸਕੂਲ ਪੁੱਜਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਮੱਦੇਨਜ਼ਰ ਕੋਈ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉਕਤ 20 ਪਿੰਡਾਂ ਦੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਉਕਤ ਪਿੰਡਾਂ ’ਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਿੰਡਾਂ ਦੀ ਸੁਰੱਖਿਆ ਵੱਜੋਂ 24 ਘੰਟੇ ਠੀਕਰੀ ਪਹਿਰਾ ਲਾਉਣ ਦੇ ਹੁਕਮ ਵੀ ਦਿੱਤੇ ਹਨ।


author

Rakesh

Content Editor

Related News