ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਸਨਮਾਨਿਤ ਕਰੇਗਾ PCA ! IND-WI ਵਨਡੇ ਮੈਚ ਦੌਰਾਨ ਦਿੱਤਾ ਜਾਵੇਗਾ ਅਵਾਰਡ
Sunday, Sep 27, 2026 - 11:48 AM (IST)
ਚੰਡੀਗੜ੍ਹ (ਲਲਨ) : ਨਿਊ ਚੰਡੀਗੜ੍ਹ ਸਥਿਤ ਪੀ.ਸੀ.ਏ. ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ 3 ਅਕਤੂਬਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਮੈਚ ਖੇਡਿਆ ਜਾਵੇਗਾ। ਇਹ ਇਸ ਮੈਦਾਨ ’ਤੇ ਪਹਿਲਾ ਅਧਿਕਾਰਤ ਪੁਰਸ਼ ਵਨਡੇ ਮੈਚ ਹੋਵੇਗਾ। ਬੀ.ਸੀ.ਸੀ.ਆਈ. ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਿਕ ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਖਾਸ ਮੈਚ ਦੌਰਾਨ ਭਾਰਤੀ ਕ੍ਰਿਕਟ ਦੇ ਦਿੱਗਜ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਦੋਵੇਂ ਖਿਡਾਰੀ ਵੈਸਟਇੰਡੀਜ਼ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤੀ ਟੀਮ ’ਚ ਸ਼ਾਮਲ ਹਨ। ਮੈਚ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ’ਤੇ ਵੀ ਰਹਿਣਗੀਆਂ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਕਪਤਾਨ ਬਣਾਇਆ ਹੈ।
ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold
ਸੀਰੀਜ਼ ਦੇ ਪਹਿਲੇ ਦੋ ਮੈਚ ਕ੍ਰਮਵਾਰ 27 ਸਤੰਬਰ ਨੂੰ ਤਿਰੂਵਨੰਤਪੁਰਮ ਤੇ 30 ਸਤੰਬਰ ਨੂੰ ਗੁਹਾਟੀ ’ਚ ਹੋਣਗੇ, ਜਦੋਂ ਕਿ ਤੀਜਾ ਵਨਡੇ ਨਿਊ ਚੰਡੀਗੜ੍ਹ ’ਚ ਖੇਡਿਆ ਜਾਵੇਗਾ। ਘਰੇਲੂ ਦਰਸ਼ਕਾਂ ਲਈ ਮੈਚ ਇਸ ਲਈ ਵੀ ਖਾਸ ਹੋਵੇਗਾ, ਕਿਉਂਕਿ ਪੰਜਾਬ ਦੇ ਨਮਨ ਧੀਰ ਅਤੇ ਗੁਰਨੂਰ ਬਰਾੜ ਭਾਰਤੀ ਵਨਡੇ ਟੀਮ ਦਾ ਹਿੱਸਾ ਹਨ। ਨਮਨ ਧੀਰ ਨੂੰ ਪਹਿਲੀ ਵਾਰ ਭਾਰਤੀ ਸੀਨੀਅਰ ਵਨਡੇ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਵੀ 15 ਮੈਂਬਰੀ ਟੀਮ ’ਚ ਸ਼ਾਮਲ ਹਨ।
ਦਰਸ਼ਕਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ
ਪੀ.ਸੀ.ਏ. ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੈਚ ਨੂੰ ਯਾਦਗਾਰ ਬਣਾਉਣ ਲਈ ਸਟੇਡੀਅਮ ’ਚ ਦਰਸ਼ਕਾਂ ਦੀ ਸਹੂਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਐਂਟਰੀ, ਬੈਠਣ ਦੀ ਵਿਵਸਥਾ, ਸੁਰੱਖਿਆ, ਟਰੈਫਿਕ ਪ੍ਰਬੰਧਨ ਅਤੇ ਹੋਰ ਨਾਗਰਿਕ ਸਹੂਲਤਾਂ ਲਈ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਿਊ ਚੰਡੀਗੜ੍ਹ ਦਾ ਇਹ ਮੈਦਾਨ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਟੀ-20 ਅਤੇ ਟੈਸਟ ਮੈਚਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਹੁਣ 3 ਅਕਤੂਬਰ ਦਾ ਮੈਚ ਇਸਦੇ ਅੰਤਰਰਾਸ਼ਟਰੀ ਪੁਰਸ਼ ਵਨਡੇ ਕ੍ਰਿਕਟ ਦੇ ਸਫ਼ਰ ’ਚ ਇਕ ਨਵਾਂ ਅਧਿਆਏ ਜੋੜੇਗਾ।
ਇਹ ਵੀ ਪੜ੍ਹੋ- 'ਇਹ ਮੇਰਾ ਆਖ਼ਰੀ..!' ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
