ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ ''ਚ ਸ਼ਾਮਲ ਹੋਵੇ : ਰਾਸ਼ਟਰਪਤੀ ਮੁਰਮੂ
Tuesday, Sep 29, 2026 - 05:03 PM (IST)
ਨਵੀਂ ਦਿੱਲੀ/ਚੰਡੀਗੜ੍ਹ- ਆਸਫਵਾਲਾ ਸ਼ਹੀਦੀ ਸਮਾਰਕ ਨਾਲ ਜੁੜੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਰਾਸ਼ਟਰਪਤੀ ਨੂੰ ਫਾਜ਼ਿਲਕਾ ਦੇ ਆਸਫਵਾਲਾ ਵਿਖੇ ਦਸੰਬਰ 'ਚ ਹੋਣ ਵਾਲੇ ਸਾਲਾਨਾ ਸ਼ਹੀਦੀ ਦਿਵਸ ਸਮਾਗਮ 'ਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ।
ਵਫ਼ਦ 'ਚ ਸ਼ਹੀਦੀ ਸਮਾਰਕ ਕਮੇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਅਤੇ ਜਨਰਲ ਸਕੱਤਰ ਪ੍ਰਫੁੱਲ ਨਾਗਪਾਲ ਸ਼ਾਮਲ ਸਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਸਫਵਾਲਾ ਵਾਰ ਮੈਮੋਰੀਅਲ ਦੇ ਗੌਰਵਮਈ ਇਤਿਹਾਸ ਅਤੇ ਦੇਸ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਸੱਦਾ ਪੱਤਰ, ਆਸਫਵਾਲਾ ਸਮਾਰਕ ਦੀ ਹੱਥ ਨਾਲ ਤਿਆਰ ਕੀਤੀ ਪੇਂਟਿੰਗ ਅਤੇ ਸ਼ਹੀਦਾਂ ਦੀ ਪ੍ਰੇਰਣਾਦਾਇਕ ਵਿਰਾਸਤ ਨੂੰ ਦਰਸਾਉਂਦੀ ਕੌਫੀ-ਟੇਬਲ ਕਿਤਾਬ ਭੇਟ ਕੀਤੀ।
ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀ ਕੁਰਬਾਨੀ ਨਾਲ ਜੋੜਨ ’ਤੇ ਜ਼ੋਰ
ਮੁਲਾਕਾਤ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਝਾਅ ਦਿੱਤਾ ਕਿ ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਦੇਸ਼ ਲਈ ਬਹਾਦਰ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣ ਸਕੇ, ਉਨ੍ਹਾਂ 'ਚ ਦੇਸ਼ਭਗਤੀ ਦੀ ਭਾਵਨਾ ਵਿਕਸਿਤ ਹੋਵੇ ਅਤੇ ਉਹ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਣ।
ਕਰਨ ਗਿਲਹੋਤਰਾ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਇਸ ਸੁਝਾਅ ਦੇ ਜਵਾਬ 'ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਆਸਫਵਾਲਾ ਦੇ ਇਤਿਹਾਸ ਨੂੰ ਵਿਦਿਅਕ ਪਾਠਕ੍ਰਮ 'ਚ ਸ਼ਾਮਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਇਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

