ਤਰਨਤਾਰਨ ’ਚ ਫਿਰ ਵਾਪਰਿਆ ਵੱਡਾ ਹਾਦਸਾ, ਸਕੂਲ ਬੱਸ ਤੇ ਟਿੱਪਰ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ

Friday, Feb 17, 2023 - 06:52 PM (IST)

ਤਰਨਤਾਰਨ ’ਚ ਫਿਰ ਵਾਪਰਿਆ ਵੱਡਾ ਹਾਦਸਾ, ਸਕੂਲ ਬੱਸ ਤੇ ਟਿੱਪਰ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ

ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮੀਆਂਵਿੰਡ ਵਿਖੇ 1 ਸਕੂਲ ਬੱਸ ਅਤੇ ਇਕ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ ਵਿਚ 14 ਸਾਲਾਂ ਵਿਦਿਆਰਥੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਜਿੱਥੇ ਇਕ ਬੱਚੇ ਦੀ ਮੌਤ ਹੋ ਗਈ, ਉਥੇ ਹੀ ਬੱਸ ਚਾਲਕ ਅਤੇ ਕੁਝ ਹੋਰ ਵਿਦਿਆਰਥੀ ਜ਼ਖਮੀ ਹੋ ਗਏ ਹਨ। ਇਸ ਸੰਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਨੂੰ ਲੈ ਕੇ ਖੜ੍ਹਾ ਹੋਇਆ ਨਵਾਂ ਪੰਗਾ, ਜਾਣੋ ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਰਮੀ ਪਬਲਿਕ ਸਕੂਲ ਬਿਆਸ ਦੀ ਬੱਸ ਅੱਜ ਸਵੇਰੇ ਵੱਖ-ਵੱਖ ਪਿੰਡਾਂ ’ਚੋਂ ਹੁੰਦੀ ਹੋਈ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਜਦੋਂ ਸਕੂਲ ਬੱਸ ਮੀਆਂਵਿੰਡ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਪੁੱਜੀ ਤਾਂ ਇਕ ਟਿੱਪਰ ਨਾਲ ਸਕੂਲ ਬਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਸਾਹਿਲ ਸਿੰਘ (14) ਪੁੱਤਰ ਸਿਕੰਦਰ ਸਿੰਘ ਵਾਸੀ ਜਵੰਦਪੁਰ ਦੀ ਜਿੱਥੇ ਮੌਤ ਹੋ ਗਈ, ਉਥੇ ਹੀ ਬੱਸ ਚਾਲਕ ਸਤਨਾਮ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਹਨ। ਇਸ ਤਰ੍ਹਾਂ ਹੋਰ ਕਈ ਛੋਟੇ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਬਾਬਤ ਥਾਣਾ ਵੈਰੋਵਾਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੋਆਬੇ ਦੇ ਇਹ ਤਿੰਨ ਵੱਡੇ ਟੋਲ ਪਲਾਜ਼ੇ ਹੋਏ ਬੰਦ, ਪੰਜਾਬ ਸਰਕਾਰ ਨੇ ਜਾਰੀ ਕੀਤੇ ਲਿਖਤੀ ਹੁਕਮ

ਅੱਜ ਹੀ ਇਕ ਹੋਰ ਸਕੂਲ ਬੱਸ ਨਾਲ ਵਾਪਰਿਆ ਸੀ ਹਾਦਸਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਵਿਖੇ ਇਕ ਸਕੂਲ ਵੈਨ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ ਸੀ, ਜਿਸ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਤਿੰਨੇ ਵਿਦਿਆਰਥੀ ਜੋ ਕਲਗੀਧਰ ਅਕੈਡਮੀ ਦੇ ਵਿਦਿਆਰਥੀ ਹਨ। ਜਿਨ੍ਹਾਂ 'ਚੋਂ ਗੁਰਸਾਜਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਡੱਲ ਜੋ ਦੱਸਵੀਂ ਜਮਾਤ ਦਾ ਵਿਦਿਆਰਥੀ ਸੀ, ਦੀ ਮੌਤ ਹੋ ਗਈ। ਜਦਕਿ ਸੁਖਦੀਪ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਜੋ ਅਠਵੀਂ ਜਮਾਤ ਦਾ ਵਿਦਿਆਰਥੀ ਅਤੇ ਅਰਸ਼ਦੀਪ ਸਿੰਘ ਵਾਸੀ ਡੱਲ ਜੋ ਛੇਵੀਂ ਜਮਾਤ ਦਾ ਵਿਦਿਆਰਥੀ ਹਨ, ਉਹ ਦੋਵੇਂ ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਇਲਾਜ ਲਈ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਹੈ ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਵਲੋਂ ਵੱਡੀ ਰਾਹਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News