ਮਾਪਿਆਂ ਨੂੰ ਨਿਸ਼ਚਿਤ ਦੁਕਾਨਾਂ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਕਰ ਰਹੇ ਨੇ ਕੁਝ ਸਕੂਲ

Sunday, Apr 01, 2018 - 04:20 PM (IST)

ਰੂਪਨਗਰ (ਵਿਜੇ)-ਮਾਪਿਆਂ ਵੱਲੋਂ ਬੱਚਿਆਂ ਨੂੰ ਪੜ੍ਹਾਉਣਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪਹਿਲਾਂ ਹੀ ਕੁਝ ਸਕੂਲਾਂ 'ਚ ਟਿਊਸ਼ਨ ਫੀਸ ਅਤੇ ਹੋਰ ਖਰਚ ਇੰਨੇ ਵਧ ਗਏ ਹਨ ਕਿ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਵਧੀਆ ਸਕੂਲ 'ਚ ਪੜ੍ਹਾਉਣ ਲਈ ਅਸਮਰੱਥ ਦਿਖਾਈ ਦਿੰਦਾ ਹੈ ਅਤੇ ਹੁਣ ਨਵੇਂ ਸੈਸ਼ਨ ਤੋਂ ਕੁਝ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਤੋਂ ਹੀ ਕਿਤਾਬਾਂ-ਕਾਪੀਆਂ ਆਦਿ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਰੇਟ ਮਾਰਕੀਟ ਤੋਂ ਕਰੀਬ 30 ਫੀਸਦੀ ਵੱਧ ਹੁੰਦਾ ਹੈ, ਜਿਸ ਕਾਰਨ ਮਾਪਿਆਂ 'ਤੇ ਪੜ੍ਹਾਈ ਦਾ ਬੋਝ ਹੋਰ ਵਧ ਜਾਂਦਾ ਹੈ ਅਤੇ ਉਨ੍ਹਾਂ ਦੀ ਕਮਾਈ ਨੂੰ ਚੂਨਾ ਲੱਗ ਰਿਹਾ ਹੈ, ਜਦੋਂਕਿ ਸੀ. ਬੀ. ਐੱਸ. ਈ. ਅਤੇ ਹੋਰ ਸਿੱਖਿਆ ਬੋਰਡਾਂ ਵੱਲੋਂ ਕਿਤਾਬਾਂ ਦੀ ਵਿਕਰੀ 'ਤੇ ਸਖਤ ਰੋਕ ਲਾਈ ਗਈ ਹੈ ਪਰ ਸਕੂਲ ਇਹ ਕੰਮ ਆਪਣੀ ਮਨਮਾਨੀ ਨਾਲ ਕਰ ਰਹੇ ਹਨ। 'ਜਗ ਬਾਣੀ' ਦੀ ਇਕ ਟੀਮ ਨੇ ਇਸ ਸਬੰਧ 'ਚ ਸ਼ਹਿਰ ਦਾ ਦੌਰਾ ਕੀਤਾ। ਸ਼ਹਿਰ ਦੇ ਦੋ ਸਕੂਲਾਂ ਸ਼ਿਵਾਲਿਕ ਪਬਲਿਕ ਸਕੂਲ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਬੱਚਿਆਂ ਦੇ ਮਾਤਾ-ਪਿਤਾ ਨੂੰ ਅਗਲੇ ਸੈਸ਼ਨ 'ਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਕਾਰਨ ਉਹ ਖੁੱਲ੍ਹੇ ਬਾਜ਼ਾਰ ਤੋਂ ਡਿਸਕਾਊਂਟ 'ਤੇ ਕਿਤਾਬਾਂ ਪ੍ਰਾਪਤ ਕਰ ਰਹੇ ਹਨ ਅਤੇ ਮਾਤਾ-ਪਿਤਾ ਨੂੰ ਕਰੀਬ 20 ਫੀਸਦੀ ਕਿਤਾਬਾਂ-ਕਾਪੀਆਂ ਸਸਤੀਆਂ ਮਿਲ ਰਹੀਆਂ ਹਨ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਨ੍ਹਾਂ ਸਕੂਲਾਂ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਕੁਝ ਸਕੂਲਾਂ ਨੇ ਬਾਹਰ ਦੇ ਬੁੱਕਸ ਸੇਲਰਜ਼ ਨਾਲ ਸੰਪਰਕ ਕਰ ਕੇ ਸਕੂਲਾਂ ਦੇ ਨੇੜੇ ਉਨ੍ਹਾਂ ਦੀਆਂ ਦੁਕਾਨਾਂ ਖੁੱਲ੍ਹਵਾ ਦਿੱਤੀਆਂ ਅਤੇ ਬੱਚਿਆਂ ਨੂੰ ਉਥੋਂ ਪੂਰੀ ਕੀਮਤ 'ਤੇ ਕਿਤਾਬਾਂ ਖਰੀਦਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ। 
ਇਕ ਪਿਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ ਦੀ ਇਸ ਧਾਂਦਲੀ 'ਤੇ ਕਾਰਵਾਈ ਕਰੇ ਅਤੇ ਸਾਰੇ ਮਾਮਲੇ ਦੀ ਕਿਸੇ ਜਾਂਚ ਏਜੰਸੀ ਤੋਂ ਜਾਂਚ ਕਰਵਾਏ ਕਿਉਂਕਿ ਸਕੂਲ ਪ੍ਰਬੰਧਕ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ। ਉਸ ਨੇ ਕਿਹਾ ਕਿ ਜੇਕਰ ਕੋਈ ਮਾਤਾ-ਪਿਤਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਬੱਚੇ ਨੂੰ ਸ਼ਿਕਾਇਤ ਦੇ ਸਬੰਧ 'ਚ ਪ੍ਰੇਸ਼ਾਨ ਕੀਤਾ ਜਾਂਦਾ ਹੈ। 
ਜ਼ਿਲਾ ਰੂਪਨਗਰ ਬੁੱਕ ਸੇਲਰਜ਼ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਇਸ ਸਬੰਧ 'ਚ ਉਨ੍ਹਾਂ ਸਕੂਲਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਜੋ ਸਕੂਲ ਬੱਚਿਆਂ ਨੂੰ ਨਿਸ਼ਚਿਤ ਦੁਕਾਨਾਂ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਕਰਦੇ ਹਨ। ਇਹ ਮਾਮਲਾ ਕਿਤਾਬਾਂ ਤਕ ਸੀਮਤ ਨਹੀਂ, ਇਸ ਦੇ ਬਾਅਦ ਡ੍ਰੈੱਸ, ਸ਼ੂਜ਼ ਅਤੇ ਹੋਰ ਸਕੂਲ ਸਮੱਗਰੀ ਵੀ ਸ਼ਾਮਲ ਹੈ। ਇਹ ਇਕ ਪ੍ਰਕਾਰ ਦਾ ਵੱਡਾ ਘੋਟਾਲਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।


Related News