''ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ'' ਵੱਲੋਂ ਪੰਚਾਇਤੀ ਚੋਣਾਂ, ਪਿੰਡ ਤੇ ਗ੍ਰਾਮ ਸਭਾ'' ਮੁੱਦੇ ''ਤੇ ਕਨਵੈਨਸ਼ਨ
Monday, Jul 23, 2018 - 07:47 AM (IST)

ਨਾਭਾ (ਸੁਸ਼ੀਲ ਜੈਨ, ਭੁਪਿੰਦਰ ਭੂਪਾ) - 'ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ' ਵੱਲੋਂ ਪੰਚਾਇਤੀ ਚੋਣਾਂ, ਪਿੰਡ ਤੇ ਗ੍ਰਾਮ ਸਭਾ ਮੁੱਦੇ 'ਤੇ ਅੱਜ ਪਿੰਡ ਕੈਦੂਪੁਰ ਵਿਖੇ ਕਨਵੈਨਸ਼ਨ ਕੀਤੀ ਗਈ । ਇਸ ਵਿਚ ਸੈਂਕੜਿਆਂ ਦੀ ਗਿਣਤੀ 'ਚ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ।ਬੁਲਾਰਿਆਂ ਵੱਲੋਂ ਸੱਦਾ ਦਿੱਤਾ ਗਿਆ ਕਿ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਨੂੰ ਮਜ਼ਬੂਤ ਕਰਨ ਲਈ ਨਸ਼ਾ-ਮੁਕਤ ਅਤੇ ਸਰਬਸੰਮਤੀ ਨਾਲ ਕਰਵਾਉਣ ਦਾ ਸੱਦਾ ਦਿੱਤਾ ਗਿਆ। ਪਿੰਡਾਂ ਦੀ ਏਕਤਾ, ਆਰਥਕਤਾ ਨੂੰ ਮਜ਼ਬੂਤ ਕਰਨ ਲਈ ਗ੍ਰਾਮ ਸਭਾ ਦੀ ਮਜ਼ਬੂਤੀ 'ਤੇ ਪਹਿਰਾ ਦਿੱਤਾ ਜਾਵੇ। ਇਸ ਮੌਕੇ ਨਾਅਰੇ ਲਾਏ ਗਏ ਕਿ 'ਜਾਗਾਂਗੇ, ਜਗਾਵਾਂਗੇ ਆਪਣੇ ਪਿੰਡ ਬਚਾਵਾਂਗੇ।' ਇਸ ਮੌਕੇ ਇਹ ਸੱਦਾ ਵੀ ਦਿੱਤਾ ਗਿਆ ਕਿ ਚੋਣਾਂ ਵਿਚ ਨਸ਼ੇ ਵੰਡਣ ਵਾਲੇ ਲੋਕਾਂ ਨੂੰ ਜੇਲਾਂ 'ਚ ਸੁੱਟਿਆ ਜਾਵੇ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਅਤੇ 'ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ' ਦੇ ਆਗੂ ਪ੍ਰੋ. ਜਗਮਹੋਨ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਮੇਂ ਸਿਰ ਨਾ ਕਰਵਾ ਕੇ ਸਰਕਾਰ ਨੇ ਕਾਨੂੰਨੀ ਕੁਤਾਹੀ ਕੀਤੀ ਹੈ। ਉਨ੍ਹਾਂ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਕਿਹਾ ਕਿ ਮਗਨਰੇਗਾ, ਪੈਨਸ਼ਨਾਂ ਅਤੇ ਹੋਰ ਸਕੀਮਾਂ ਦਾ ਪੈਸਾ ਪੰਜਾਬ ਨੂੰ ਕੇਂਦਰ ਵੱਲੋਂ ਨਹੀਂ ਆਉਂਦਾ। ਪੰਜਾਬ ਸਰਕਾਰ ਗ੍ਰਾਮ ਸਭਾਵਾਂ ਰਾਹੀਂ ਮੰਗ ਕਰਨ ਵਾਲੇ ਜ਼ਿਆਦਾ ਗ੍ਰਾਂਟਾਂ ਲਿਜਾਂਦੇ ਹਨ। ਪਿੰਡ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਗ੍ਰਾਮ ਸਭਾ ਨੂੰ ਅਫ਼ਸਰਸ਼ਾਹੀ ਅਤੇ ਰਾਜਨੀਤਕ ਲੋਕਾਂ ਨੇ ਆਪਣੀਆਂ ਮਨਮਾਨੀਆਂ ਕਰਨ ਲਈ ਖਾਮੋਸ਼ ਕੀਤਾ ਹੋਇਆ ਹੈ। ਪਿੰਡ ਕੋਲ ਏਕੇ ਨਾਲ ਗ੍ਰਾਮ ਸਭਾਵਾਂ ਰਾਹੀਂ ਕੰਮ ਕਰਨ ਦੀ ਵੱਡੀ ਕਾਨੂੰਨੀ ਤਾਕਤ ਹੈ। ਉਹ ਹੈ ਏਕੇ ਨਾਲ ਗ੍ਰਾਮ ਸਭਾਵਾਂ ਰਾਹੀਂ ਕੰਮ ਕਰਨ ਦੀ। ਚੋਣਾਂ ਵਿਚ ਲਗਦੀਆਂ ਨਸ਼ੇ ਦੀਆਂ ਛਬੀਲਾਂ ਨੇ ਲੋਕਾਂ ਨੂੰ ਨਸ਼ਿਆ ਦੀ ਚਾਟ 'ਤੇ ਲਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਵਿਚ ਪੰਚਾਇਤੀ ਰਾਜ ਨਹੀਂ ਚਲਦਾ। ਹੁਣ ਸਰਪੰਚੀ ਅਤੇ ਸੈਕਟਰੀ ਰਾਜ ਚਲਦਾ ਹੈ। ਪੰਜਾਬ ਦੀ ਕਣਕ ਅਤੇ ਹੋਰ ਅਨਾਜਾਂ ਵਿਚ ਪੌਸ਼ਟਿਕਤਾ ਖਤਮ ਕੀਤੀ ਗਈ ਹੈ। ਇਸੇ ਲਈ ਭੋਜਨ ਵਿਚੋਂ ਤਾਕਤ ਨਾ ਮਿਲਣ ਕਾਰਨ ਨੌਜਵਾਨ ਨਸ਼ਿਆਂ ਵਿਚੋਂ ਤਾਕਤ ਲੱਭਣ ਦੇ ਰਾਹ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਹਿ ਕੇ ਪਿੰਡਾਂ ਦੇ ਮਸਲੇ ਹੱਲ ਨਹੀਂ ਹੋਣੇ। ਗ੍ਰਾਮ ਸਭਾਵਾਂ ਦੀ ਮਜ਼ਬੂਤੀ ਨਾਲ ਹੀ ਪਿੰਡ ਮਜ਼ਬੂਤ ਹੋਣਗੇ। ਅੱਜ ਪਿੰਡਾਂ ਨੂੰ ਪਿੰਡ ਦੇ ਨੁਮਾਇੰਦੇ ਚਾਹੀਦੇ ਹਨ। ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਨਹੀਂ ਚਾਹੀਦੇ। ਇਸੇ ਲਈ ਪੰਚਾਇਤੀ ਚੋਣਾਂ ਰਾਜਨੀਤਕ ਧੜੇਬੰਦੀਆਂ ਤੋਂ ਉਪਰ ਉਠ ਕੇ ਹੋਣੀਆਂ ਚਾਹੀਦੀਆਂ ਹਨ।
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਵਿਚ ਪੰਚਾਇਤੀ ਚੋਣਾਂ ਉਸ ਮੌਕੇ ਹੋਣ ਜਾ ਰਹੀਆਂ ਹਨ, ਜਦੋਂ ਪੰਜਾਬ ਬਹੁਤ ਗੰਭੀਰ ਸੰਕਟ ਦਾ ਸ਼ਿਕਾਰ ਹੈ। ਕਰਜ਼ੇ ਦੇ ਬੋਝ ਹੇਠ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੀਆਂ ਲਾਸ਼ਾਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਪਿੰਡਾਂ ਵਿਚ ਭਾਈਚਾਰਕ ਸਾਂਝ ਬਹਾਲ ਕਰਾਉਣ ਲਈ ਹੰਭਲਾ ਮਾਰਨਾ ਸਮੇਂ ਦੀ ਅਹਿਮ ਲੋੜ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਤੋਂ ਜਾਣੂ ਕਰਵਾਉਂਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ 50 ਫ਼ੀਸਦੀ ਔਰਤਾਂ ਨੇ ਪੰਚਾਇਤਾਂ 'ਚ ਨੁਮਾਇੰਦਿਆਂ ਦੇ ਰੂਪ ਵਿਚ ਅੱਗੇ ਆਉਣਾ ਹੈ। ਇਸ ਲਈ ਅੱਜ ਪੰਜਾਬ ਨੂੰ ਮਾੜੇ ਹਾਲਾਤ 'ਚੋਂ ਕੱਢਣ ਲਈ ਔਰਤਾਂ ਦਲੇਰੀ ਨਾਲ ਅੱਗੇ ਆਉਣ। ਉਨ੍ਹਾਂ ਇਹ ਵੀ ਸੱਦਾ ਦਿੱਤਾ ਕਿ ਪੰਜਾਬ ਦੇ ਪਿੰਡਾਂ 'ਚ ਨਸ਼ੇ ਵੰਡ ਕੇ ਵੋਟਾਂ ਲੁੱਟਣ ਵਾਲੇ ਲੋਕਾਂ ਨੂੰ ਮੂੰਹ ਨਾ ਲਾਇਆ ਜਾਵੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੂਸਰੇ ਦੇਸ਼ਾਂ ਨਾਲੋਂ ਕੁਦਰਤੀ ਸੋਮੇ ਚੰਗੇ ਹੋਣ 'ਤੇ ਮਾੜੇ ਲੀਡਰ ਮਿਲਣ ਕਾਰਨ ਅਸੀਂ ਪਛੜੇ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸਿੱਖਿਆ, ਆਰਥਕਤਾ ਅਤੇ ਸੱਭਿਆਚਾਰ ਨੂੰ ਤਬਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਨਾਰਕੀ ਵੱਲ ਵਧ ਰਿਹਾ ਹੈ। ਇਸ ਲਈ ਇੱਕਜੁਟਤਾ ਨਾਲ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਆਈ. ਡੀ. ਪੀ. ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕ੍ਰਿਸ਼ਨ ਸਿੰਘ ਲੁਬਾਣਾ, ਪ੍ਰਗਟ ਸਿੰਘ ਲੁਬਾਣਾ, ਤਰਲੋਚਨ ਸਿੰਘ ਸੂਲਰ ਘਰਾਟ, ਤਾਰਾ ਫੱਗੂਵਾਲ, ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ, ਉਂਕਾਰ ਸਿੰਘ ਅਗੌਲ, ਫਲਜੀਤ ਸਿੰਘ ਸੰਗਰੂਰ, ਚਮਕੌਰ ਸਿੰਘ ਅਗੇਤੀ, ਅਵਤਾਰ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ, ਮੇਜਰ ਸਿੰਘ ਥੂਹੀ, ਰਾਜ ਕੁਮਾਰ, ਰਾਜਵੀਰ ਸਿੰਘ, ਕਰਮ ਸਿੰਘ ਵਜੀਦਪੁਰ, ਸੁਨੀਤਾ ਰਾਣੀ, ਕੁਲਵਿੰਦਰ ਕੌਰ, ਕਿਰਨਦੀਪ ਕੌਰ, ਕੁਲਵੰਤ ਕੌਰ, ਨਵਦੀਪ ਕੌਰ ਜੱਖੇਪਲ ਤੇ ਚਰਨਜੀਤ ਕੌਰ ਲੁਬਾਣਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।