ਸਾਊਦੀ ਅਰਬ ''ਚ ਫਸੇ ਨੌਜਵਾਨ ਤੇ ਉਸ ਦੇ ਪਰਿਵਾਰ ਵੱਲੋਂ ਮਦਦ ਦੀ ਗੁਹਾਰ
Tuesday, Sep 19, 2017 - 06:20 AM (IST)
ਤਰਨਤਾਰਨ (ਮਿਲਾਪ)- ਤਰਨਤਾਰਨ ਨਜ਼ਦੀਕ ਪਿੰਡ ਮਾਣੋਚਾਹਲ ਦਾ ਨੌਜਵਾਨ ਗੁਰਵਿੰਦਰ ਸਿੰਘ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਸਾਊਦੀ ਅਰਬ 'ਚ ਡਰਾਇਵਰੀ ਕਰਨ ਲਈ ਗਿਆ ਸੀ ਜਿਥੇ ਉਹ ਇਕ ਨਵੀਂ ਮੁਸੀਬਤ 'ਚ ਫਸ ਗਿਆ ਹੈ। ਉਸ ਨੇ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ 'ਚ ਉਹ ਆਪਣੇ ਵਤਨ ਵਾਪਸ ਪਰਤਣ ਲਈ ਤਰਲੇ ਮਾਰ ਰਿਹਾ ਹੈ। ਪਿੰਡ ਮਾਣੋਚਾਹਲ 'ਚ ਉਸ ਦਾ ਪਰਿਵਾਰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਗੁਰਵਿੰਦਰ ਸਿੰਘ ਦੇ ਦਾਦਾ ਅਰਜਨ ਸਿੰਘ ਤੇ ਦਾਦੀ ਸੁਰਜੀਤ ਕੌਰ ਨੇ ਦੱਸਿਆ ਕਿ ਗੁਰਵਿੰਦਰ 22 ਦਸੰਬਰ 2015 ਨੂੰ ਘਰੋਂ ਇਕ ਏਜੰਟ ਵੱਲੋਂ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਸਾਊਦੀ ਅਰਬ 'ਚ ਕਿਸੇ ਕੰਪਨੀ 'ਚ ਡਰਾਇਵਰੀ ਲਈ ਵੀਜ਼ਾ ਲਗਵਾਇਆ ਹੈ ਪਰ 3 ਮਹੀਨੇ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਬਾਅਦ 'ਚ ਉਹ ਕਿਸੇ ਸਾਊਦੀ ਵਿਅਕਤੀ ਦਾ ਪਾਣੀ ਵਾਲਾ ਕੈਂਟਰ ਚਲਾਉਣ ਲੱਗ ਪਿਆ। ਉਸ ਦੀ ਖੜ੍ਹੀ ਗੱਡੀ 'ਚ ਕਿਸੇ ਸਾਊਦੀ ਨਾਗਰਿਕ ਦੀ ਕਾਰ ਵੱਜ ਗਈ ਅਤੇ ਉਸ ਨਾਗਰਿਕ ਦੀ ਮੌਕੇ 'ਤੇ ਮੌਤ ਹੋ ਗਈ, ਜਿਸ ਕਰਕੇ ਉਸ ਨੂੰ ਜੇਲ 'ਚ ਭੇਜ ਦਿੱਤਾ ਗਿਆ ਹੈ। ਗੁਰਵਿੰਦਰ ਨੇ ਇਕ ਵੀਡੀਓ ਵਾਇਰਲ ਕੀਤੀ ਹੈ ਜਿਸ 'ਚ ਉਸ ਨੇ ਕਿਹਾ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਹੈ। ਗੱਡੀ ਦੀ ਇੰਸ਼ੋਰੈਂਸ ਨਹੀਂ ਹੈ ਇੰਸ਼ੋਰੈਂਸ ਕਰਾਉਣਾ ਮਾਲਕਾਂ ਦਾ ਕੰਮ ਸੀ। ਉਸ ਕੋਲ ਆਪਣਾ ਹੈਵੀ ਲਾਇਸੈਂਸ ਹੈ ਤੇ ਮਾਲਕ ਇਸ ਦੀ ਜ਼ਿੰਮੇਵਾਰੀ ਉਸ 'ਤੇ ਲਗਾ ਰਿਹਾ ਹੈ ਤੇ ਉਧਰ ਹਾਦਸੇ 'ਚ ਮਰੇ ਸਾਊਦੀ ਨਾਗਰਿਕ ਦੇ ਘਰ ਵਾਲੇ 3 ਲੱਖ ਰਿਆਦ ਦੀ ਮੰਗ ਕਰ ਰਹੇ ਹਨ, ਜੋ ਭਾਰਤੀ 50 ਲੱਖ ਕਰੰਸੀ ਦੇ ਬਰਾਬਰ ਹੈ। ਗੁਰਵਿੰਦਰ ਸਿੰਘ ਨੇ ਵਿਦੇਸ਼ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕਰਕੇ ਉਸ ਨੂੰ ਵਾਪਸ ਭਾਰਤ ਲਿਆਂਦਾ ਜਾਵੇ। ਇਸ ਮੌਕੇ ਗੁਰਮੀਤ ਸਿੰਘ ਸਾਬਕਾ ਸਰਪੰਚ, ਪਿਤਾ ਜਸਵੰਤ ਸਿੰਘ, ਮਾਤਾ ਹਰਵੰਤ ਕੌਰ ਤੇ ਪਿੰਡ ਦੇ ਮੋਹਤਬਰ ਰਣਜੀਤ ਸਿੰਘ ਰਾਣਾ, ਸੁਖਵੰਤ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
