ਸਾਊਦੀ ਅਰਬ ''ਚ ਪੁੱਤ ਦੇ ਕਤਲ ਦੀ ਅਫਵਾਹ ਸੁਣ ਪਰਿਵਾਰ ਹੋਇਆ ਰੋ-ਰੋ ਬੇਹਾਲ
Tuesday, Mar 05, 2019 - 02:35 PM (IST)

ਦਸੂਹਾ (ਝਾਵਰ)— ਥਾਣਾ ਦਸੂਹਾ ਦੇ ਪਿੰਡ ਸਫਦਰਪੁਰ ਕੁੱਲੀਆਂ ਦੇ ਸਤਵਿੰਦਰ ਕੁਮਾਰ ਦਾ ਸਾਊਦੀ ਅਰਬ 'ਚ ਕਤਲ ਕੀਤੇ ਜਾਣ ਦੀ ਫੋਨ ਜ਼ਰੀਏ ਮਿਲੀ ਸੂਚਨਾ ਨੂੰ ਸੁਣ ਕੇ ਪਰਿਵਾਰ 'ਚ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਲੁਧਿਆਣਾ ਦਾ ਇਕ ਨੌਜਵਾਨ ਅਤੇ ਸਤਵਿੰਦਰ ਕੁਮਾਰ ਦਾ ਜੇਲ 'ਚ ਕਤਲ ਕਰ ਦਿੱਤਾ ਗਿਆ ਹੈ। ਇਸ ਅਫਵਾਹ ਨੇ ਪਰਿਵਾਰ ਸਣੇ ਪੂਰੇ ਪਿੰਡ 'ਚ ਗਮ ਦਾ ਮਾਹੌਲ ਬਣਾ ਦਿੱਤਾ ਹੈ।
ਇਸ ਸਬੰਧੀ ਸਤਵਿੰਦਰ ਕੁਮਾਰ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸਤਵਿੰਦਰ ਦਾ ਕਤਲ ਹੋਣ ਦੀ ਮਿਲੀ ਸੂਚਨਾ ਸਬੰਧੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖਬਰ ਦੇ ਨਾਲ ਪਰਿਵਾਰ 'ਚ ਗਮ ਦਾ ਮਾਹੌਲ ਬਣ ਗਿਆ ਹੈ ਅਤੇ ਪਿੰਡ ਵਾਸੀ ਵੀ ਅਰਦਾਸਾਂ ਕਰ ਰਹੇ ਹਨ ਕਿ ਇਹ ਸੂਚਨਾ ਝੂਠੀ ਨਿਕਲੇ। ਮਾਂ ਬਚਨੋ ਦੇਵੀ ਅਤੇ ਪਤਨੀ ਸੀਮਾ ਦੇਵੀ ਸਮੇਤ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
2013 'ਚ ਗਿਆ ਸੀ ਸਾਊਦੀ ਅਰਬ
ਪਿੰਡ ਸਫਦਰਪੁਰ ਕੁੱਲੀਆ ਦਾ ਰਹਿਣ ਵਾਲਾ ਰੋਜ਼ੀ-ਰੋਟੀ ਕਮਾਉਣ ਲਈ ਸਤਵਿੰਦਰ 2013 'ਚ ਸਾਊਦੀ ਅਰਬ ਗਿਆ ਸੀ। ਉਹ ਇਕ ਕੰਪਨੀ ਅਲ ਮਜ਼ੀਦ 'ਚ ਕੰਮ ਕਰਦਾ ਸੀ। ਇਥੇ ਉਸ ਦਾ ਕਿਸੇ ਗੱਲ ਨੂੰ ਲੈ ਕੇ ਕਿਸੇ ਵਿਅਕਤੀ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਉਹ ਪਿਛਲੇ ਚਾਰ ਸਾਲਾਂ ਤੋਂ ਜੇਲ 'ਚ ਬੰਦ ਹੈ। ਉਸ ਦੇ ਨਾਲ ਹੀ ਲੁਧਿਆਣਾ ਦਾ ਇਕ ਨੌਜਵਾਨ ਵੀ ਜੇਲ 'ਚ ਬੰਦ ਹੈ। ਉਥੇ ਹੀ ਪਰਿਵਾਰ ਨੇ ਹੁਣ ਸਤਵਿੰਦਰ ਦੀ ਭਾਰਤ ਵਾਪਸੀ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਵਿਜੇ ਸਾਂਪਲਾ ਨਾਲ ਵੀ ਇਸ ਮਸਲੇ ਸਬੰਧੀ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਭਾਰਤ ਸਰਕਾਰ ਤੋਂ ਸਤਵਿੰਦਰ ਦੀ ਭਾਰਤ ਵਾਪਸੀ ਦੀ ਫਰਿਆਦ ਕੀਤੀ ਹੈ।