ਧੋਖੇ ਨਾਲ ਏਜੰਟ ਨੇ ਮਹਿਲਾ ਨੂੰ ਮਲੇਸ਼ੀਆ ਦੀ ਜਗ੍ਹਾ ਭੇਜਿਆ ਸਾਊਦੀ ਅਰਬ

12/02/2017 6:39:46 PM

ਗੁਰਦਾਸਪੁਰ (ਵਿਨੋਦ)— ਪਿੰਡ ਹਸਨਪੁਰ ਕਲਾਂ ਨਿਵਾਸੀ ਇਕ ਔਰਤ ਨੂੰ ਏਜੰਟ ਨੇ ਮਲੇਸ਼ੀਆਂ ਦੀ ਜਗ੍ਹਾ ਸਾਊਦੀ ਅਰਬ ਭੇਜ ਦਿੱਤਾ। ਇਸ ਸੰਬੰਧੀ ਮਹਿਲਾ ਮਨਜੀਤ ਕੌਰ ਦੇ ਪਤੀ ਸੁਖਦੇਵ ਸਿੰਘ ਨੇ ਉਸ ਦੀ ਪਤਨੀ ਨੂੰ ਮਲੇਸ਼ੀਆ ਦੀ ਜਗਾਂ ਸਾਊਦੀ ਅਰਬ ਭੇਜਣ ਵਾਲੇ ਏਜੰਟ ਦੇ ਵਿਰੁੱਧ ਕਾਰਵਾਈ ਕਰਨ ਅਤੇ 19 ਮਹੀਨੇ ਤੋਂ ਵਿਦੇਸ਼ ਵਿਚ ਫਸੀ ਉਸ ਦੀ ਪਤਨੀ ਨੂੰ ਵਾਪਸ ਭਾਰਤ ਲਿਆਉਣ ਦੀ ਐੱਸ. ਐੱਸ. ਪੀ ਤੋਂ ਗੁਹਾਰ ਲਗਾਈ ਹੈ। ਸੁਖਦੇਵ ਸਿੰਘ ਨੇ ਐੱਸ. ਐੱਸ. ਪੀ. ਦੇ ਨਾਮ ਡੀ. ਐੱਸ. ਪੀ. ਸੁੱਚਾ ਸਿੰਘ ਬਲ ਨੂੰ ਮਾਮਲੇ ਵਿਚ ਕਾਰਵਾਈ ਕਰਨ ਲਈ ਸ਼ਿਕਾਇਤ ਪੱਤਰ ਦਿੱਤਾ ਹੈ।
ਸੁਖਦੇਵ ਸਿੰਘ ਨੇ ਦਿੱਤੇ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਕਾਲਾ ਕਾਹਨੂੰਵਾਨ ਰੋਡ 'ਤੇ ਸਥਿਤ ਬੀ. ਕੇ. ਟ੍ਰੈਵਲ ਕੰਪਨੀ ਵਿਚ ਏਜੰਟ ਹੈ। ਉਨ੍ਹਾਂ ਨੇ ਉਕਤ ਏਜੰਟ ਦੇ ਮਧਿਅਮ ਨਾਲ ਆਪਣੀ ਪਤਨੀ ਮਨਜੀਤ ਕੌਰ ਨੂੰ ਕਰੀਬ 19 ਮਹੀਨੇ ਪਹਿਲਾਂ ਘਰੇਲੂ ਕੰਮ ਦੇ ਲਈ ਮਲੇਸ਼ੀਆ ਭੇਜਿਆ ਸੀ। ਇਸ ਦੇ ਲਈ ਉਨ੍ਹਾਂ ਨੇ ਏਜੰਟ ਨੂੰ 70 ਹਜ਼ਾਰ ਰੁਪਏ ਅਤੇ ਵੀਜ਼ਾ ਦੇ 15 ਹਜ਼ਾਰ ਰੁਪਏ ਵੱਖਰੇ ਦਿੱਤੇ ਸੀ। 
ਉਨ੍ਹਾਂ ਨੇ ਦੋਸ਼ ਲਗਾਇਆ ਕਿ ਏਜੰਟ ਨੇ ਉਸ ਦੀ ਪਤਨੀ ਨੂੰ ਮਲੇਸ਼ੀਆ ਭੇਜਣ ਦੀ ਬਿਜਾਏ ਸਾਊਦੀ ਅਰਬ ਭੇਜ ਦਿੱਤਾ। ਪੀੜਤ ਪਤੀ ਨੇ ਦੱਸਿਆ ਕਿ ਉਥੇ ਉਸ ਦੀ ਪਤਨੀ ਤੋਂ ਘਰਾਂ ਵਿਚ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਪੈਸਾ ਵੀ ਨਹੀਂ ਦਿੱਤੇ ਜਾ ਰਹੇ। ਉਸ ਨੂੰ ਕਮਰੇ ਵਿਚ ਬੰਦ ਕਰਕੇ ਰੱਖਿਆ ਜਾਂਦਾ ਹੈ ਅਤੇ ਉਸ ਦਾ ਮੋਬਾਇਲ ਵੀ ਉਸ ਤੋਂ ਖੋਹ ਲਿਆ ਗਿਆ ਹੈ। 
ਸੁਖਦੇਵ ਨੇ ਦੱਸਿਆ ਕਿ ਕਈ ਦਿਨ ਤੋਂ ਉਸ ਦੀ ਪਤਨੀ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਸ ਤੋਂ ਬੰਧੂਆਂ ਮਜ਼ਦੂਰ ਦੀ ਤਰ੍ਹਾਂ ਕੰਮ ਕਰਵਾਇਆ ਜਾ ਰਿਹਾ ਹੈ। ਉਸ ਨੂੰ ਇਹ ਸਾਰੀਆਂ ਗੱਲਾਂ ਉਸ ਦੀ ਪਤਨੀ ਨੇ ਕਿਸੇ ਦੂਜੇ ਦੇ ਮੋਬਾਇਲ ਤੋਂ ਆਪਣੇ ਪਰਿਵਾਰ ਨੂੰ ਫੋਨ ਤੇ ਦੱਸੀਆਂ ਹਨ। ਸੁਖਦੇਵ ਨੇ ਦੱਸਿਆ ਕਿ ਏਜੰਟ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਕਹਿੰਦਾ ਹੈ ਕਿ ਉਸ ਦਾ ਕੰਮ ਵਿਦੇਸ਼ ਭੇਜਣ ਦਾ ਸੀ, ਵਾਪਸ ਬੁਲਾਉਣ ਦਾ ਨਹੀਂ। ਏਜੰਟ ਕਹਿੰਦਾ ਹੈ ਕਿ ਜਦ ਉਸ ਦੀ ਪਤਨੀ ਨੂੰ ਵਾਪਸ ਲੈ ਕੇ ਆਉਣਾ ਹੈ ਤਾਂ ਡੇਢ ਲੱਖ ਰੁਪਏ ਲੱਗਣਗੇ। ਸੁਖਦੇਵ ਸਿੰਘ ਵਿਕਲਾਂਗ ਹੈ ਅਤੇ ਰੇਹੜੀ ਲਗਾ ਕੇ ਘਰ ਪਰਿਵਾਰ ਦਾ ਪੋਸ਼ਣ ਕਰ ਰਿਹਾ ਹੈ।
ਦੂਜੇ ਪਾਸੇ ਬੀ. ਕੇ. ਟ੍ਰੈਵਲ ਕੰਪਨੀ ਦੇ ਏਜੰਟ ਬਲਵਿੰਦਰ ਸਿੰਘ ਉਰਫ ਕਾਲਾ ਡਰਾਈਵਰ ਨੇ ਉਸ 'ਤੇ ਲਗਾਏ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਕਤ ਮਹਿਲਾ ਨੇ ਜਿੱਥੇ ਕਿਹਾ ਸੀ ਉਸ ਨੂੰ ਉਥੇ ਭੇਜਿਆ ਗਿਆ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਿਰਫ 25 ਹਜ਼ਾਰ ਰੁਪਏ ਵਿਚ ਮਨਜੀਤ ਕੌਰ ਨੂੰ ਬਾਹਰ ਭੇਜਿਆ ਹੈ। ਮਹਿਲਾ ਨੂੰ ਦੋ ਸਾਲ ਦਾ ਵਰਕ ਪਰਮਿਟ ਸੀ, ਹੁਣ ਕਰੀਬ 5-6 ਮਹੀਨੇ ਰਹਿ ਗਏ ਹਨ। ਮਹਿਲਾ ਕਈ ਵਾਰ ਵਿਦੇਸ਼ ਤੋਂ ਪਰਿਵਾਰ ਨੂੰ ਪੈਸੇ ਵੀ ਭੇਜ ਚੁੱਕੀ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ 
ਇਸ ਸਬੰਧੀ ਡੀ. ਐੱਸ. ਪੀ ਸੁੱਚਾ ਸਿੰਘ ਬਲ ਨੇ ਕਿਹਾ ਕਿ ਉਕਤ ਪਰਿਵਾਰ ਦੀ ਵਲੋਂ ਸ਼ਿਕਾਇਤ ਐੱਸ. ਐੱਚ.ਓ ਸਦਰ ਨੂੰ ਮਾਰਕ ਕਰ ਦਿੱਤੀ ਗਈ ਹੈ ਅਤੇ ਜਾਂਚ ਦੇ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ।


Related News