ਸਰਪੰਚ ਬਣਨ ਦੀ ਦੌੜ, ਇਕ-ਇਕ ਪਿੰਡ ''ਚ ਖੜ੍ਹੇ ਕਈ ਉਮੀਦਵਾਰ

12/21/2018 10:38:21 AM

ਜਲੰਧਰ (ਵਰਿਆਣ)—ਇਕ ਪਾਸੇ ਜਿੱਥੇ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਦਾ ਅਹਿਮ  ਯੋਗਦਾਨ ਮੰਨਿਆ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਪਿੰਡਾਂ 'ਚ ਪੰਚ ਨਾਲੋਂ ਜ਼ਿਆਦਤਰ  ਉਮੀਦਵਾਰ ਸਰਪੰਚ ਬਣਨ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ  ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਪਤਾ ਨਹੀਂ  ਕਿਉਂ  ਲੋਕ ਪੰਚ ਨਾਲੋਂ ਜ਼ਿਆਦਾ ਸਰਪੰਚ ਬਣਨ ਵੱਲ ਧਿਆਨ ਦੇ ਰਹੇ ਹਨ। ਕੀ ਇਹ  ਅਹੁਦਾ ਖਜ਼ਾਨੇ ਦਾ ਭੰਡਾਰ ਹੈ ਜੋ ਸਰਪੰਚ ਨੂੰ ਅਮੀਰ ਬਣਾ ਦੇਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ  ਕਈ ਪਿੰਡਾਂ ਵਿਚ ਤਾਂ ਸਰਪੰਚ ਬਣਨ ਦੀ ਦੌੜ ਵਿਚ ਅਜਿਹੇ ਚਾਹਵਾਨਾਂ ਨੇ ਸਰਪੰਚੀ ਦੀਆਂ  ਫਾਈਲਾਂ ਜਮ੍ਹਾ ਕਰਵਾਈਆਂ ਹਨ, ਜਿਨ੍ਹਾਂ ਦਾ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਦੇ ਵਿਕਾਸ ਵਿਚ ਅਤੇ  ਸਮਾਜਿਕ ਖੇਤਰ ਵਿਚ ਯੋਗਦਾਨ ਨਾ ਦੇ ਬਰਾਬਰ ਹੈ, ਉਨ੍ਹਾਂ ਦਾ ਕਹਿਣਾ ਸੀ ਕਿ ਜੋ ਪੰਚਾਇਤ ਦਾ  ਮੈਂਬਰ ਬਣਨ ਦੇ ਵੀ ਲਾਈਕ ਨਹੀਂ ਉਹ ਸਰਪੰਚੀ ਚਾਹੁੰਦਾ ਹੈ, ਜਿਸ  ਲਈ ਦਿਨ-ਰਾਤ ਵੱਖ-ਵੱਖ  ਤਰ੍ਹਾਂ ਦੇ ਤਰੀਕੇ ਅਪਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੁੱਕਰਵਾਰ  ਨੂੰ ਜਿੱਥੇ ਪੰਚਾਇਤੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲ ਜਾਣੇ ਹਨ, ਉਥੇ ਦੂਜੇ  ਪਾਸੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਗੁਪਤ ਮੀਟਿੰਗਾਂ ਦਾ ਦੌਰ ਇਸ ਕਦਰ ਸ਼ੁਰੂ ਹੋ ਗਿਆ  ਹੈ ਕਿ ਉਹ ਉਕਤ ਮੀਟਿੰਗਾਂ ਕੰਧਾਂ ਦੇ ਵੀ ਕੰਨ ਕਹਿ ਕੇ ਕਰ ਰਹੇ ਹਨ ਕਿ ਵਿਰੋਧੀ ਧੜੇ ਨੂੰ  ਇਨ੍ਹਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਹੁੰਦਾ ਕਿ ਮੀਟਿੰਗਾਂ ਵਿਚ ਕੀ ਹੋ ਰਿਹਾ ਹੈ। 

ਪਿੰਡਾਂ ਦੀ ਸਿਆਸਤ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਕਦਰ ਤੇਜ਼ ਹੋ ਗਈ ਜਿਵੇਂ ਇਹ ਚੋਣਾਂ  ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੋਣ।  ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ  ਹਰ ਕੋਈ ਆਪਣੇ-ਆਪ ਨੂੰ ਇਕ-ਦੂਸਰੇ ਤੋਂ ਰਾਜਨੀਤੀ ਵਿਚ ਸਮਝਦਾਰ ਅਤੇ ਚਲਾਕ ਸਮਝ ਰਹੇ ਹਨ।  ਉਧਰ ਸੂਝਵਾਨ ਅਤੇ ਸਿਆਣੇ ਲੋਕਾਂ ਦਾ ਕਹਿਣਾ ਸੀ ਕਿ ਇਕ ਪਾਸੇ ਜਿੱੱਥੇ ਪੰਚਾਇਤੀ ਚੋਣਾਂ  ਦੌਰਾਨ ਹਰ ਪਿੰਡ ਵਾਰਡਾਂ ਵਿਚ ਚੋਣ ਕਮਿਸ਼ਨ ਵਲੋਂ ਵੰਡੇ ਗਏ ਹਨ ਉਥੇ ਦੂਜੇ ਪਾਸੇ ਲੋਕਾਂ ਦੇ ਦਿਲ ਨਫਰਤਾਂ 'ਚ ਵੰਡੇ ਗਏ ਹਨ ਕਿਉਂਕਿ ਹਰ ਵਾਰਡ ਵਿਚ ਇਕ-ਦੂਸਰੇ ਖਿਲਾਫ ਕਈ ਮੈਂਬਰ  ਚੋਣ ਲੜਨ ਲਈ ਖੜ੍ਹੇ ਹਨ। ਜੋ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਭਾਰੀ ਨੁਕਸਾਨ ਪਹੁੰਚਾ  ਸਕਦਾ ਹੈ। ਉਧਰ ਸੋਸ਼ਲ ਮੀਡੀਆ 'ਤੇ ਸਰਪੰਚੀ ਨੂੰ ਲੈ ਕੇ ਗੀਤ 'ਜੋ ਮੈਂਬਰ ਨਹੀਂ ਬਣ ਸਕਦਾ ਉਹ  ਸਰਪੰਚੀ ਚਾਹੁੰਦਾ ਹੈ ... ' ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਥੇ ਇਸ ਗੱਲ ਪ੍ਰਤੀ  ਵੀ ਵੋਟਰਾਂ ਨੂੰ ਸੂਚੇਤ ਕਰ ਰਿਹਾ ਹੈ ਕਿ ਆਪਣੀ ਬੇਸ਼ਕੀਮਤੀ ਵੋਟ ਦੀ ਮਹੱਤਤਾ  ਬਾਰੇ ਜਾਗਰੂਕ ਹੋਵੋ। ਅਜਿਹੇ ਉਮੀਦਵਾਰ ਨੂੰ ਕਦੇ ਵੀ ਵੋਟ ਨਾ ਪਾਓ ਜੋ ਪੰਚ ਬਣਨ ਦੇ ਤਾਂ ਕੀ ਗੱਲ  ਕਰਨ ਦੇ ਵੀ ਲਾਇਕ ਨਾ ਹੋਵੇ।

ਇਕ-ਦੂਸਰੇ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਬਣਾਏ ਕਈ ਜਾਸੂਸ
ਉਧਰ  ਵੱਖ-ਵੱਖ ਧੜਿਆਂ ਦੇ ਰੂਪ ਵਿਚ ਖੜ੍ਹੇ ਪੰਚਾਇਤੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ  ਵਲੋਂ ਆਪੋ-ਆਪਣੇ ਪਿੰਡ ਦੇ ਕੁਝ ਲੋਕਾਂ ਨੂੰ ਇਕ-ਦੂਸਰੇ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ  ਇਸ ਤਰ੍ਹਾਂ ਆਪਣੇ ਨਾਲ ਜੋੜਿਆ ਜਿਵੇਂ ਉਹ ਜਾਸੂਸੀ ਦਾ ਕੰਮ ਕਰਦੇ ਹੋਣ। ਜ਼ਿਆਦਾਤਰ ਲੋਕਾਂ ਦਾ  ਕਹਿਣਾ ਸੀ ਕਿ ਉਕਤ ਜਾਸੂਸ ਰੂਪੀ ਲੋਕ ਹਰ ਧੜੇ ਵਿਚ ਬਣੇ ਬੈਠੇ ਹਨ, ਜੋ ਇਧਰਲੀਆਂ ਗੱਲਾਂ ਉਧਰ  ਅਤੇ ਉਧਰਲੀਆਂ ਗੱਲਾਂ ਇਧਰ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਦੱਸ ਕੇ ਜਿੱਥੇ ਉਨ੍ਹਾਂ ਦੀ  ਵਾਹ-ਵਾਹੀ ਖੱਟ ਰਹੇ ਹਨ, ਉਥੇ ਕਮਾਈ ਕਰਨ ਵਿਚ ਮਾਹਿਰ ਹਨ ਕਿਉਂਕਿ ਅਜਿਹੇ ਕੰਮ ਉਹ ਕਿਸੇ ਨਾ  ਕਿਸੇ ਲਾਲਚ ਵਿਚ ਆ ਕੇ ਕਰਦੇ ਹਨ। 

ਹੇ ਪ੍ਰਮਾਤਮਾ! ਸਰਪੰਚੀ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਲੰਘ ਜਾਣ
ਉਧਰ ਕਈ  ਪਿੰਡਾਂ ਵਿਚ ਸਰਪੰਚੀ ਨੂੰ ਲੈ ਕੇ ਬਣੇ ਕਈ ਵੱਖ-ਵੱਖ ਧੜੇ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਨੂੰ  ਦੇਖ ਕਈ ਲੋਕ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹੇ ਪ੍ਰਮਾਤਮਾ ਸਰਪੰਚੀ ਦੀਆਂ  ਚੋਣਾਂ ਅਮਨ-ਸ਼ਾਂਤੀ ਨਾਲ ਲੰਘ ਜਾਣ, ਕੋਈ ਵੀ ਕਿਸੇ ਦਾ ਵੈਰੀ ਨਾ ਬਣੇ, ਪਹਿਲਾਂ ਵਾਂਗ  ਆਪਸੀ ਪਿਆਰ ਵਧਿਆ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਉਕਤ ਚੋਣਾਂ ਨੂੰ ਲੈ ਕੇ ਕਈ  ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਇਕ-ਦੂਸਰੇ ਨੂੰ ਅਸਿੱਧੇ ਰੂਪ ਨਾਲ ਵਿਅੰਗ ਕੱਸ ਰਹੇ ਹਨ,  ਉਸ ਨਾਲ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਇਸ ਕਾਰਨ ਕੋਈ ਲੜਾਈ-ਝਗੜਾ ਹੀ ਨਾ ਹੋ ਜਾਵੇ,  ਇਸ ਲਈ ਸਾਨੂੰ ਰਾਤ-ਦਿਨ ਇਹੀ ਚਿੰਤਾ ਰਹਿੰਦੀ ਹੈ।

ਪਰਿਵਾਰਕ ਮੈਂਬਰ ਵੀ ਇਕ-ਦੂਸਰੇ ਖਿਲਾਫ ਖੜ੍ਹੇ, ਕਲੇਸ਼ ਵਧਣ ਦਾ ਖਦਸ਼ਾ
ਉਧਰ ਕਈ ਪਿੰਡਾਂ ਵਿਚ ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਵਿਚ ਕਈ ਪਰਿਵਾਰਕ ਮੈਂਬਰ ਹੀ ਇਕ-ਦੂਸਰੇ ਖਿਲਾਫ ਚੋਣ ਲੜਨ ਲਈ ਖੜ੍ਹੇ ਹੋਏ ਹਨ, ਜਿਸ ਕਾਰਨ ਭਵਿੱਖ ਵਿਚ ਪਰਿਵਾਰਕ ਕਲੇਸ਼ ਵਧਣ  ਦਾ ਖਦਸ਼ਾ ਬਣਿਆ ਹੋਇਆ ਹੈ। ਪਰਿਵਾਰਾਂ ਦੀ ਆਪਸੀ ਲੜਾਈ ਚੋਣਾਂ ਵਿਚ ਇਕ-ਦੂਸਰੇ ਖਿਲਾਫ ਚੋਣ  ਲੜਨ ਤਕ ਵਧ ਗਈ ਹੈ, ਜਿਸ ਕਾਰਨ ਸਮਾਜਿਕ ਕਦਰਾਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦਾ  ਵੀ ਡਰ ਹੈ। ਜ਼ਿਆਦਤਰ ਲੋਕਾਂ ਦਾ ਕਹਿਣਾ ਸੀ ਕਿ ਪੰਚਾਇਤੀ ਚੋਣਾਂ ਤਾਂ ਘਰ-ਘਰ ਦਰਾੜ ਪੈਦਾ  ਕਰ ਰਹੀਆਂ ਹਨ ਪਰ ਕੀਤਾ ਵੀ ਕੀ ਜਾਵੇ, ਹਰ ਕੋਈ ਆਪਣੇ ਆਪ ਨੂੰ ਜਿੱਤਿਆ ਕਹਿ ਕੇ ਆਪਣੀ-ਆਪਣੀ  ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਰਿਹਾ ਹੈ, ਕੋਈ ਦੂਸਰੇ ਤੋਂ ਆਪਣੇ ਆਪ ਨੂੰ ਘੱਟ ਨਹੀਂ ਸਮਝ  ਰਿਹਾ।


Shyna

Content Editor

Related News