ਜੀਜੇ ਤੋਂ ਤੰਗ ਆ ਕੇ ਸਰਬਜੀਤ ਕੌਰ ਨੇ ਮਾਰੀ ਸੀ ਨਹਿਰ ''ਚ ਛਾਲ
Friday, Jul 07, 2017 - 12:32 AM (IST)
ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਆਪਣੇ ਜੀਜੇ ਵੱਲੋਂ ਜਿਸਮਾਨੀ ਛੇੜ-ਛਾੜ ਤੋਂ ਤੰਗ ਆ ਕੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਸਰਬਜੀਤ ਕੌਰ, ਜਿਸ ਦੀ ਬੀਤੀ ਦੇਰ ਸ਼ਾਮ ਭਾਖੜਾ ਨਹਿਰ ਕੋਟਲਾ ਪਾਵਰ ਹਾਊਸ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਸ ਨੇ ਲਾਸ਼ ਬਰਾਮਦ ਕੀਤੀ ਸੀ, ਦੀ ਛੋਟੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ (ਆਪਣੇ ਪਤੀ) ਮ੍ਰਿਤਕਾ ਦੇ ਜੀਜੇ ਖ਼ਿਲਾਫ਼ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਸਰਬਜੀਤ ਕੌਰ (33) ਪੁੱਤਰੀ ਸਤਪਾਲ ਵਾਸੀ ਪਿੰਡ ਨਰੂੜ ਥਾਣਾ ਰਾਵਲ ਪਿੰਡੀ ਜ਼ਿਲਾ ਕਪੂਰਥਲਾ ਦੀ ਛੋਟੀ ਭੈਣ ਰਾਜਵਿੰਦਰ ਕੌਰ (28) ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਸਰਬਜੀਤ ਕੌਰ ਬੀ.ਏ. ਪਾਸ ਸੀ ਉਹ ਵਿਦੇਸ਼ੀ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਵੱਡੀ ਭੈਣ ਤੋਂ ਪਹਿਲਾਂ ਉਸ ਦਾ ਵਿਆਹ ਸਰਬਜੀਤ ਸਿੰਘ ਪੁੱਤਰ ਵਾਸਦੇਵ ਸਿੰਘ ਪਿੰਡ ਅਜਨੋਹਾ ਜ਼ਿਲਾ ਹੁਸ਼ਿਆਰਪੁਰ ਨਾਲ ਕਰ ਦਿੱਤਾ। ਉਹ ਆਪਣੇ ਪਤੀ ਸਮੇਤ ਮਾਪੇ ਘਰ ਹੀ ਰਹਿੰਦੀ ਸੀ। ਉਸ ਦਾ ਪਤੀ ਸਰਬਜੀਤ ਸਿੰਘ ਉਸ ਦੀ ਵੱਡੀ ਭੈਣ ਸਰਬਜੀਤ ਕੌਰ 'ਤੇ ਮਾੜੀ ਨਜ਼ਰ ਰੱਖਦਾ ਸੀ ਤੇ ਉਸ ਨਾਲ ਛੇੜਛਾੜ ਵੀ ਕਰਦਾ ਸੀ ਜਿਸ ਕਾਰਨ ਉਹ ਕਾਫੀ ਦੁਖੀ ਸੀ । 29 ਜੂਨ ਨੂੰ ਵੀ ਮੇਰੇ ਪਤੀ ਨੇ ਸਰਬਜੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਿਸ ਕਾਰਨ ਉਹ ਘਰੋਂ ਲੜਾਈ-ਝਗੜਾ ਕਰ ਕੇ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਆ ਗਈ ਜਿਸ ਦੀ ਸਾਡੇ ਵੱਲੋਂ ਤਲਾਸ਼ ਕੀਤੀ ਗਈ ਤਾਂ ਉਸ ਦੀ ਸਕੂਟਰੀ ਪਿੰਡ ਝਿੰਜੜੀ ਨਜ਼ਦੀਕ ਭਾਖੜਾ ਨਹਿਰ ਕਿਨਾਰੇ ਤੋਂ ਮਿਲੀ। ਮੇਰੇ ਪਤੀ ਸਰਬਜੀਤ ਤੋਂ ਤੰਗ ਆ ਕਿ ਮੇਰੀ ਵੱਡੀ ਭੈਣ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਇਸ ਲਈ ਮੇਰੇ ਪਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਭਾਲ ਤੇਜ਼ ਕਰ ਦਿੱਤੀ ਹੈ।
