ਡਾ.ਓਬਰਾਏ ਨੇ ਦੁਬਈ ਵਿਚ ਸੰਕਟ ''ਚ ਫਸੀਆਂ 12 ਧੀਆਂ ਮੁੜ ਮਾਪਿਆਂ ਦੀ ਝੋਲ਼ੀ ਪਾਈਆਂ

Friday, Jan 22, 2021 - 06:36 PM (IST)

ਡਾ.ਓਬਰਾਏ ਨੇ ਦੁਬਈ ਵਿਚ ਸੰਕਟ ''ਚ ਫਸੀਆਂ 12 ਧੀਆਂ ਮੁੜ ਮਾਪਿਆਂ ਦੀ ਝੋਲ਼ੀ ਪਾਈਆਂ

ਅੰਮ੍ਰਿਤਸਰ (ਸੰਧੂ, ਰਾਜਵਿੰਦਰ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਇਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਦੁਬਈ ਗਈਆਂ ਅਤੇ ਉੱਥੇ ਗ਼ੁਲਾਮ ਬਣਾ ਦਿੱਤੀਆਂ ਗਈਆਂ 12 ਬੇਵੱਸ ਕੁੜੀਆਂ ਦੇ ਸਿਰਾਂ 'ਤੇ ਹੱਥ ਰੱਖਦਿਆਂ ਆਪਣੀ ਜੇਬ੍ਹ 'ਚੋਂ ਲੱਖਾਂ ਰੁਪਏ ਖ਼ਰਚ ਕੇ ਉਨ੍ਹਾਂ 'ਚੋਂ 11 ਨੂੰ ਸੁਰੱਖਿਅਤ ਵਾਪਸ ਵਤਨ ਪੁੱਜਦਾ ਕੀਤਾ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਇਹ ਧੀਆਂ ਜਦੋਂ ਹਵਾਈ ਅੱਡੇ 'ਤੇ ਅਰਸੇ ਬਾਅਦ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਈਆਂ ਤਾਂ ਇਕ ਵਾਰ ਇੰਝ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ। ਉੱਥੇ ਮੌਜੂਦ ਹਰ ਅੱਖ ਨਮ ਸੀ। ਇਨ੍ਹਾਂ 11 ਕੁਡ਼ੀਆਂ ਵਿਚੋਂ ਤਿੰਨ ਕੁਡ਼ੀਆਂ 20 ਜਨਵਰੀ ਨੂੰ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਸਥਿਤ ਆਪਣੇ ਘਰਾਂ 'ਚ ਪੁੱਜ ਗਈਆਂ ਸਨ ਜਦ ਕਿ ਪੰਜਾਬ ਨਾਲ ਸਬੰਧਤ ਬਾਕੀ 9 ਵਿਚੋਂ 8 ਕੁਡ਼ੀਆਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਦੁਬਈ 'ਤੋਂ ਆਈ ਉਡਾਣ ਰਾਹੀਂ ਸੁਰੱਖਿਅਤ ਵਾਪਸ ਆਪਣੇ ਮਾਪਿਆਂ ਕੋਲ ਪੁੱਜ ਗਈਆਂ ਹਨ ਅਤੇ ਇਕ ਕੁਡ਼ੀ ਨੂੰ ਅਚਾਨਕ ਆਈ ਸਿਹਤ ਸਮੱਸਿਆ ਕਾਰਨ ਕੁੱਝ ਦਿਨ ਬਾਅਦ ਪਹੁੰਚੇਗੀ।

ਇਹ ਵੀ ਪੜ੍ਹੋ : 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ

ਇਸ ਦੌਰਾਨ ਹਵਾਈ ਅੱਡੇ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਖ਼ੁਦ ਇਨ੍ਹਾਂ  ਕੁਡ਼ੀਆਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਮਜਬੁਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ 'ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਕੁਡ਼ੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਕੁਡ਼ੀਆਂ ਨੂੰ ਲੀਗਲ ਕਰਾਉਣ ਉਪਰੰਤ ਇਨ੍ਹਾਂ ਕੋਲੋਂ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਕੁਡ਼ੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਇਨ੍ਹਾਂ ਲਈ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ : 19 ਕਤਲਾਂ, 50 ਲੁੱਟ ਤੇ ਇਰਾਦਾ ਕਤਲ ਲਈ ਜ਼ਿੰਮੇਵਾਰ ਲਾਰੈਂਸ ਗੈਂਗ ਦਾ ਮੁੱਖ ਗੈਂਗਸਟਰ ਬਿਸੋਡੀ ਰਿਮਾਂਡ 'ਤੇ

ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਅਜਿਹੀਆਂ ਬਹੁਤ ਸਾਰੀਆਂ ਕੁਡ਼ੀਆਂ ਮਸਕਟ, ਸ਼ਾਰਜਾਹ ਰਾਸਲਖੇਮੇ ਅਤੇ ਦੁਬਈ ਅੰਦਰ ਫ਼ਸੀਆਂ ਹੋਈਆਂ ਹਨ ਜੋ ਆਪਣੇ ਖਰੀਦਦਾਰਾਂ ਕੋਲੋਂ ਬਹੁਤ ਤੰਗ ਹਨ ਅਤੇ ਉਥੋਂ ਹਰ ਹਾਲਤ ਛੁੱਟ ਕੇ ਆਪਣੇ ਘਰ ਵਾਪਸ ਆਉਣਾ ਚਾਹੁੰਦੀਆਂ ਹਨ। ਡਾ.ਓਬਰਾਏ ਨੇ ਦੱਸਿਆ ਕਿ ਅੱਜ ਪੁੱਜੀਆਂ ਕੁਡ਼ੀਆਂ ਨੇ ਉਨ੍ਹਾਂ ਨੂੰ ਫੋਨ ਤੇ ਰੋਂਦਿਆਂ ਆਪਣੇ ਮਾੜੇ ਹਾਲਾਤ ਬਾਰੇ ਦੱਸਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ,ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੇ ਖ਼੍ਰੀਦਦਾਰਾਂ ਨੂੰ ਆਪਣੇ ਪੱਲਿਉਂ ਇਨ੍ਹਾਂ ਦੇ ਬਣਦੇ ਪੈਸੇ ਵਾਪਸ ਕਰਨ ਤੋਂ ਇਲਾਵਾ ਇਮੀਗ੍ਰੇਸ਼ਨ ਤੇ ਓਵਰ ਸਟੇਅ ਆਦਿ ਦੇ ਹੋਰ ਖਰਚੇ ਭਰਨ ਦੇ ਨਾਲ-ਨਾਲ ਵਾਪਸ ਲੈ ਕੇ ਆਉਣ ਲਈ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਹੈ।

ਇਹ ਵੀ ਪੜ੍ਹੋ : ਗਮੀ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਤੋਂ ਦੋ ਮਹੀਨੇ ਬਾਅਦ ਮੁੰਡੇ ਦੀ ਮੌਤ

ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇਕ ਕੁਡ਼ੀ ਨੂੰ ਵਾਪਸ ਲੈ ਕੇ ਆਉਣ ਲਈ ਡੇਢ ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਇਸ ਵੇਲੇ ਵੀ ਅਰਬ ਦੇਸ਼ਾਂ ਅੰਦਰ ਕਰੀਬ 200 ਕੁਡ਼ੀਆਂ ਹੋਰ ਵੀ ਫਸੀਆਂ ਹੋਈਆਂ ਹਨ। ਅੱਜ ਆਈਆਂ 11 ਕੁਡ਼ੀਆਂ ਤੋਂ ਇਲਾਵਾ ਉਹ ਪਹਿਲਾਂ ਵੀ 7 ਕੁਡ਼ੀਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਬਚਦੀਆਂ ਕੁਡ਼ੀਆਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸਰਬੱਤ ਦੇ ਭਲੇ ਦੇ ਸੰਕਲਪ 'ਤੇ ਪਹਿਰਾ ਦਿੰਦਿਆਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀਆਂ ਕੁਡ਼ੀਆਂ ਨੂੰ ਵੀ ਆਪਣੀਆਂ ਹੀ ਧੀਆਂ ਸਮਝ ਕੇ ਮੁਸ਼ਕਿਲਾਂ 'ਚੋਂ ਕੱਢ ਕੇ ਵਾਪਸ ਮਾਪਿਆਂ ਨੂੰ ਸੌਂਪਿਆ ਜਾ ਰਿਹਾ ਹੈ।

 


author

Gurminder Singh

Content Editor

Related News