ਅਧਿਆਪਕਾ ਦੇ ਕਤਲ ਸਬੰਧੀ ਗ੍ਰਿਫਤਾਰ ਹਰਵਿੰਦਰ ਦੀ ਮਾਂ ਦਾ 5 ਦਿਨਾ ਪੁਲਸ ਰਿਮਾਂਡ

12/12/2019 5:16:50 PM

ਖਰੜ (ਸ਼ਸ਼ੀ, ਰਣਬੀਰ, ਅਮਰਦੀਪ, ਗਗਨਦੀਪ) : ਖਰੜ ਦੀ ਅਦਾਲਤ ਨੇ ਅਧਿਆਪਕਾ ਸਰਬਜੀਤ ਕੌਰ ਦੇ ਹੋਏ ਕਤਲ ਦੇ ਸਬੰਧ 'ਚ ਖਰੜ ਸਦਰ ਪੁਲਸ ਵਲੋਂ ਗ੍ਰਿਫਤਾਰ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਸੰਧੂ ਦੀ ਮਾਂ ਸ਼ਿੰਦਰ ਕੌਰ ਨੂੰ 5 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਖਰੜ ਦੇ ਸੰਨੀ ਇਨਕਲੇਵ ਵਿਖੇ ਦਿ ਨਾਲੇਜ ਬੱਸ ਗਲੋਬਲ ਸਕੂਲ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੇ ਉਸ ਸਕੂਲ 'ਚ ਪੜ੍ਹਾਉਂਦੀ ਇਕ ਅਧਿਆਪਕਾ ਸਰਬਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਵੇਂ ਪੁਲਸ ਨੇ ਉਸ ਸਮੇਂ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਸੀ ਪਰ ਪੁਲਸ ਨੂੰ ਇਹ ਸ਼ੱਕ ਸੀ ਕਿ ਅਧਿਆਪਕਾ ਦੀ ਹੱਤਿਆ ਉਸ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹਰਵਿੰਦਰ ਸਿੰਘ ਨੇ ਕੀਤੀ ਸੀ।

ਖਰੜ ਸਦਰ ਪੁਲਸ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਪੁਲਸ ਨੂੰ ਹਾਲੇ ਤਕ ਹਰਵਿੰਦਰ ਸਿੰਘ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਪਰ ਪੁਲਸ ਨੇ ਇਸ ਮੁਲਜ਼ਮ ਦੀ ਮਾਂ ਸ਼ਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਮੁਲਜ਼ਮ ਨੇ ਆਪਣੀ ਮਾਂ ਨਾਲ ਮਿਲ ਕੇ ਸਰਬਜੀਤ ਕੌਰ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਸੀ। ਸ਼ਿੰਦਰ ਕੌਰ ਨੂੰ ਖਰੜ ਦੀ ਅਦਾਲਤ 'ਚ ਪੇਸ਼ ਕਰਦੇ ਹੋਏ ਸਰਕਾਰੀ ਪੱਖ ਨੇ ਉਸ ਦਾ ਪੁਲਸ ਰਿਮਾਂਡ ਮੰਗਦੇ ਹੋਏ ਅਦਾਲਤ ਨੂੰ ਕਿਹਾ ਕਿ ਇਸ ਤੋਂ ਇਸ ਦੇ ਪੁੱਤਰ ਹਰਵਿੰਦਰ ਸਿੰਘ, ਜੋ ਇਸ ਕਤਲ ਕਾਂਡ 'ਚ ਮੁੱਖ ਮੁਲਜ਼ਮ ਹੈ, ਸਬੰਧੀ ਜਾਣਕਾਰੀ ਪ੍ਰਾਪਤ ਕਰਨੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਕਰਨਾ ਹੈ ਕਿ ਇਹ ਹੱਤਿਆ ਹਰਵਿੰਦਰ ਸਿੰਘ ਨੇ ਖੁਦ ਕੀਤੀ ਹੈ ਜਾਂ ਉਸ ਨੇ ਕਿਸੇ ਤੋਂ ਕਰਵਾਈ ਹੈ।

ਇਹ ਸੀ ਮਾਮਲਾ
ਖਰੜ ਪੁਲਸ ਨੇ ਮਹਿਲਾ ਅਧਿਆਪਕ ਸਰਬਜੀਤ ਕੌਰ ਦੇ ਕਤਲ ਦੇ ਦੋਸ਼ 'ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੁੱਖ ਦੋਸ਼ੀ ਹਰਵਿੰਦਰ ਸਿੰਘ ਸੰਧੂ ਦੀ ਮਾਂ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਮਹਿਲਾ ਅਧਿਆਪਕ ਸਰਬਜੀਤ ਕੌਰ 6 ਸਾਲਾਂ ਤੋਂ ਹਰਵਿੰਦਰ ਸਿੰਘ ਸੰਧੂ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ ਅਤੇ ਉਸ 'ਤੇ ਵਿਆਹ ਦਾ ਦਬਾਅ ਬਣਾ ਰਹੀ ਸੀ, ਜਦੋਂ ਕਿ ਹਰਵਿੰਦਰ ਪਹਿਲਾਂ ਹੀ ਵਿਆਹੁਤਾ ਸੀ। ਇਹੀ ਕਾਰਨ ਹੈ ਕਿ ਮਾਂ-ਪੁੱਤ ਨੇ ਮਿਲ ਕੇ ਸਰਬਜੀਤ ਦੇ ਕਤਲ ਦੀ ਸਾਜਿਸ਼ ਰਚੀ ਅਤੇ ਫਿਰ 5 ਦਸੰਬਰ ਨੂੰ ਕਾਰ 'ਚ ਆਏ ਦੋਸ਼ੀਆਂ ਨੇ ਸੰਨੀ ਇਨਕਲੇਵ 'ਚ ਸਥਿਤ ਦਿ ਨਾਲੇਜ ਬਸ ਗਲੋਬਲ ਸਕੂਲ ਬਾਹਰ ਸਰਬਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।


Anuradha

Content Editor

Related News