ਸੰਤੋਖ ਸਿੰਘ ਚੌਧਰੀ ਵਲੋਂ ਕੋਰੋਨਾ ਨਾਲ ਨਜਿੱਠਣ ਲਈ 25 ਲੱਖ ਰੁਪਏ ਜਾਰੀ
Saturday, Mar 28, 2020 - 07:35 PM (IST)
ਜਲੰਧਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵਲੋਂ ਐਮ.ਪੀ.ਲੈਡ 'ਚੋਂ 25 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੋਕ ਸਭਾ ਮੈਂਬਰ ਵਲੋਂ ਇਹ ਰਾਸ਼ੀ ਸਿਵਲ ਹਸਪਤਾਲ ਜਲੰਧਰ ਲਈ ਅਤਿ ਆਧੁਨਿਕ ਸਾਜ਼ੋ ਸਮਾਨ ਨਾਲ ਲੈਸ ਏ. ਸੀ. ਐਬੂਲੈਂਸ ਖਰੀਦਣ ਅਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜਾਰੀ ਕੀਤੀ ਗਈ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਉਹ ਇਸ ਔਖੀ ਘੜੀ 'ਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨੇਕ ਕਾਰਜ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲੋਕ ਸਭਾ ਮੈਂਬਰ ਜਲੰਧਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਜ਼ਿਲੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਵਿਭਾਗ ਵਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਿਵਲ ਹਸਪਤਾਲ ਵਿੱਚ ਅਤਿ ਆਧੁਨਿਕ ਏ. ਸੀ. ਐਬੂਲੈਂਸ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ।