ਅਟਲ ਭੂ-ਜਲ ਯੋਜਨਾ ''ਚ ਪੰਜਾਬ ਨੂੰ ਕੀਤਾ ਜਾਵੇ ਸ਼ਾਮਲ: ਸੰਤੋਖ ਚੌਧਰੀ

12/28/2019 1:44:14 PM

ਜਲੰਧਰ (ਧਵਨ)— ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਟਲ ਭੂ-ਜਲ ਯੋਜਨਾ 'ਚੋਂ ਪੰਜਾਬ ਨੂੰ ਬਾਹਰ ਰੱਖੇ ਜਾਣ 'ਤੇ ਚੌਧਰੀ ਸੰਤੋਖ ਸਿੰਘ ਨੇ ਹੈਰਾਨੀ ਪ੍ਰਗਟ ਕਰਦੇ ਕਿਹਾ ਕਿ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਨੇ 6000 ਕਰੋੜ ਰੁਪਏ ਦੀ ਇਸ ਯੋਜਨਾ 'ਚ ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਸ਼ਾਮਲ ਕੀਤਾ ਹੈ।

ਸਰਕਾਰ ਅਨੁਸਾਰ ਇਨ੍ਹਾਂ ਸੂਬਿਆਂ ਦੇ 78 ਜ਼ਿਲਿਆਂ 'ਚ ਲਗਭਗ 8,350 ਗ੍ਰਾਮ ਪੰਚਾਇਤਾਂ ਨੂੰ ਇਸ ਦਾ ਲਾਭ ਮਿਲੇਗਾ। ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਪੰਜਾਬ 'ਚ ਡਿੱਗਦੇ ਪਾਣੀ ਦੇ ਪੱਧਰ ਕਾਰਨ ਸੂਬਾ ਰੇਗਿਸਤਾਨ ਬਣਨ ਦੇ ਕਰੀਬ ਪਹੁੰਚ ਗਿਆ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬਲਾਕਾਂ 'ਚ ਪਾਣੀ ਕਾਫੀ ਹੇਠਾਂ ਤੱਕ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਸਾਰੇ 10 ਬਲਾਕ ਚਿੰਤਾਜਨਕ ਸਥਿਤੀ 'ਚ ਹਨ। ਅਨੇਕਾਂ ਬਲਾਕਾਂ 'ਚ ਪਾਣੀ ਕਾਫੀ ਹੇਠਾਂ ਜਾ ਚੁੱਕਾ ਹੈ। ਸੂਬੇ 'ਚ ਝੋਨੇ ਦੀ ਜ਼ਿਆਦਾ ਕਾਸ਼ਤ ਹੋਣ ਕਾਰਨ ਪਾਣੀ ਦੀ ਖੇਤੀ ਕਾਰਜਾਂ 'ਚ ਖਪਤ ਵਧੇਰੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਾਣੀ ਦਾ ਪੱਧਰ ਹੇਠਾਂ ਡਿੱਗਣ ਦਾ ਮਾਮਲਾ ਉਹ ਸੰਸਦ 'ਚ ਵੀ ਉਠਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ ਇਸ ਲਈ ਜ਼ਮੀਨੀ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਦੀ ਸਮੱਸਿਆ ਨਾਲ ਗੰਭੀਰਤਾ ਨਾਲ ਨਜਿੱਠਣਾ ਪੈਣਾ ਹੈ, ਇਸ ਲਈ ਸੂਬਾ ਸਰਕਾਰ ਆਪਣੇ ਪੱਧਰ 'ਤੇ ਵਸੀਲਿਆਂ ਦਾ ਪ੍ਰਬੰਧ ਨਹੀਂ ਕਰ ਸਕਦੀ। ਪੰਜਾਬ ਨੂੰ ਕੇਂਦਰੀ ਮਦਦ ਦੀ ਲੋੜ ਹੈ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਲ ਸ਼ਕਤੀ ਮੰਤਰਾਲਾ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਉਹ ਪੰਜਾਬ ਨੂੰ ਵੀ ਇਸ ਯੋਜਨਾ 'ਚ ਸ਼ਾਮਲ ਕਰੇ।


shivani attri

Content Editor

Related News