ਏਜੰਟਾਂ ਨੇ ਔਰਤ ਨੂੰ ਦੁਬਈ ਦਾ ਝਾਂਸਾ ਦੇ ਕੇ ਭੇਜ ਦਿੱਤਾ ਸੀਰੀਆ, ਸੰਤ ਸੀਚੇਵਾਲ ਨੇ ਇੰਝ ਕਰਵਾਈ ਘਰ ਵਾਪਸੀ

05/25/2024 2:47:05 AM

ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਸੀਰੀਆ ਵਰਗੇ ਮੁਲਕ 'ਚ ਮੌਤ ਦੇ ਮੂਹੋਂ ਨਿਕਲ ਕੇ ਵਾਪਸ ਆਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਧੋਖੇ ਨਾਲ ਕੁਝ ਪੈਸਿਆਂ ਦੇ ਲਾਲ'ਚ 'ਚ ਉਸ ਨੂੰ ਸੀਰੀਆ ਵਰਗੇ ਮੁਲਕ 'ਚ ਫਸਾ ਦਿੱਤਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਪਰਿਵਾਰ ਸਮੇਤ ਨਿਰਮਲ ਕੁਟੀਆ ਵਿਖੇ ਪਹੁੰਚੀ ਉਕਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕੀਤਾ। 

ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਸੀਰੀਆ 'ਚ ਇਕ ਤਰ੍ਹਾਂ ਨਾਲ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ, ਜਿੱਥੇ ਉਸ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਸੀ ਤੇ ਹੱਦ ਤੋਂ ਵੱਧ ਕੰਮ ਕਰਵਾਇਆ ਜਾ ਰਿਹਾ ਸੀ। ਉਸ ਨੇ ਦੱਸਿਆ ਉੱਥੇ ਪਹੁੰਚਦਿਆ ਹੀ ਉਸ ਦਾ ਏਜੰਟਾਂ ਵੱਲੋਂ ਪਾਸਪੋਰਟ ਅਤੇ ਫੋਨ ਖੋਹ ਲਿਆ ਗਿਆ ਸੀ ਤੇ ਉਸ ਦੀ ਪਰਿਵਾਰ ਨਾਲ ਗੱਲ ਤੱਕ ਵੀ ਨਹੀ ਸੀ ਕਰਵਾਈ ਜਾ ਰਹੀ। ਏਜੰਟ ਵੱਲੋਂ ਉਸ ਨੂੰ ਦੁਬਈ 'ਚ ਕੰਮ ਕਰਨ ਦਾ ਕਹਿ ਕੇ ਬੁਲਾਇਆ ਗਿਆ ਸੀ ਪਰ ਉਸ ਨੂੰ ਧੋਖੇ ਨਾਲ ਅੱਗੇ ਸੀਰੀਆ ਵਰਗੇ ਮੁਲਕ 'ਚ ਭੇਜ ਦਿੱਤਾ ਸੀ, ਜਿਹੜਾ ਕਿ ਇੱਕ ਤਰ੍ਹਾਂ ਨਾਲ ਮੌਤ ਦੇ ਮੂੰਹ 'ਚ ਜਾਣ ਵਾਂਗ ਸੀ। 

ਇਹ ਵੀ ਪੜ੍ਹੋ- IPL 2024 : ਹੈਦਰਾਬਾਦ ਨੇ ਕੀਤਾ 'ਰਾਇਲਜ਼' ਦਾ ਸ਼ਿਕਾਰ, ਹੁਣ ਫਾਈਨਲ 'ਚ ਕੋਲਕਾਤਾ ਨਾਲ ਹੋਵੇਗੀ 'ਖ਼ਿਤਾਬੀ ਜੰਗ'

ਉਸ ਨੂੰ ਉਥੇ ਇੱਕ ਬੇਸਮੈਂਟ 'ਚ ਰੱਖਿਆ ਗਿਆ ਸੀ ਜਿੱਥੇ ਚਾਰੇ ਪਾਸੇ ਹਥਿਆਰ ਹੁੰਦੇ ਸੀ ਤੇ ਰਾਤ ਨੂੰ ਇੱਕ ਟਾਇਮ ‘ਤੇ ਹੀ ਖਾਣਾ ਦਿੱਤਾ ਜਾਂਦਾ ਸੀ। ਉਥੇ ਉਸ ਨਾਲ 10 ਦੇ ਕਰੀਬ ਹੋਰ ਵੀ ਲੜਕੀਆਂ ਸਨ ਜਿਨ੍ਹਾਂ ਨੂੰ ਉੱਥੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉੱਥੇ ਕੰਮ ਤੋਂ ਮਨ੍ਹਾ ਕਰਨ ‘ਤੇ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ, ਉੱਥੇ ਉਸ ਦੇ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਸੀ ਤੇ ਉੱਥੇ ਉਸ ਦਾ ਦੁੱਖ ਸੁਣਨ ਵਾਲਾ ਕੋਈ ਵੀ ਨਹੀ ਸੀ। ਉੱਥੇ ਜਿਸ ਤਰੀਕੇ ਨਾਲ ਉਸ 'ਤੇ ਤਸ਼ਦੱਦ ਹੋ ਰਿਹਾ ਸੀ ਉਨ੍ਹਾਂ ਹਲਾਤਾਂ ਚੋਂ ਨਿਕਲਣ ਦੀ ਸੋਚ ਵੀ ਉਸ ਅੰਦਰੋਂ ਦਿਨੋ ਦਿਨੀ ਘੱਟਦੀ ਜਾ ਰਹੀ ਸੀ। ਪਰ ਸੰਤ ਸੀਚਵਾਲ ਵੱਲੋਂ ਕੀਤੀ ਗਈ ਸਹਾਇਤਾ ਸਦਕਾ ਹੀ ਉੱਥੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਉਹ ਵਾਪਸ ਆਪਣੇ ਪਰਿਵਾਰ ਤੇ ਬੱਚਿਆਂ 'ਚ ਪਹੁੰਚ ਸਕੀ ਹੈ।

ਉਸ ਦੇ ਨਾਲ ਆਏ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਨੇ ਟ੍ਰੈਵਲ ਏਜੰਟ ਨੂੰ 70,000 ਦੇ ਕਰੀਬ ਰੁਪਏ ਦੇ ਕੇ ਦੁਬਈ ਭੇਜਿਆ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਕੁਝ ਪੈਸਿਆਂ ਦੇ ਲਾਲਚ 'ਚ ਉਹ ਏਜੰਟ ਇਸ ਹੱਦ ਤੱਕ ਵੀ ਜਾ ਸਕਦੇ ਹਨ ਕਿ ਆਪਣੇ ਫਾਇਦੇ ਲਈ ਕਿਸੇ ਦੀ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਜ਼ੋਖਿਮ 'ਚ ਪਾ ਸਕਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਵਾਪਸੀ ਲਈ ਏਜੰਟ ਉਸ ਕੋਲੋਂ ਕਰੀਬ 4 ਲੱਖ ਰੁਪਏ ਮੰਗ ਰਹੇ ਸੀ, ਜੋ ਦੇਣ ਤੋਂ ਉਹ ਪੂਰੀ ਤਰ੍ਹਾਂ ਨਾਲ ਅਸਮਰੱਥ ਸੀ। ਉਨ੍ਹਾਂ ਪਰਿਵਾਰ ਸਮੇਤ ਮਿਤੀ 25 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਪਣਾ ਦੁੱਖੜਾ ਦੱਸਿਆ ਤਾਂ ਉਨ੍ਹਾਂ ਤੁਰੰਤ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਸਦਕਾ ਉਸ ਦੀ ਪਤਨੀ 25 ਦਿਨਾਂ ਬਾਅਦ ਵਾਪਸ ਪਹੁੰਚ ਸਕੀ। ਏਜੰਟਾਂ ਵੱਲੋਂ ਉਨ੍ਹਾਂ ਦੇ ਹਾਲਾਤ ਇਸ ਕਦਰ ਕਰ ਦਿੱਤੇ ਸੀ ਕਿ ਉਸਦੇ ਛੋਟੇ-ਛੋਟੇ ਬੱਚੇ ਵੀ ਆਪਣੀ ਮਾਂ ਨਾਲ ਗੱਲ ਕਰਨ ਲਈ ਬਿਲਕ ਰਹੇ ਸੀ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ

 ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਏਜੰਟਾਂ ਵੱਲੋਂ ਲਗਾਤਾਰ ਗਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਏਜੰਟਾਂ ਵੱਲੋਂ ਇਹਨਾਂ ਦੀ ਅਨਪੜ੍ਹਤਾ ਤੇ ਗਰੀਬੀ ਦਾ ਫਾਇਦਾ ਚੁੱਕ ਕਿ ਲਗਾਤਾਰ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ ਤੇ ਅੱਗੇ ਪਰਿਵਾਰਾਂ ਦੇ ਬੱਚਿਆਂ 'ਤੇ ਖਾਸ ਕਰ ਧੀਆਂ ਨੂੰ ਅਰਬ ਦੇਸ਼ਾਂ 'ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਨਾ ਕੇਵਲ ਇਸ ਮਾਮਲੇ ਨੂੰ ਸੁਣਿਆ ਗਿਆ ਬਲਕਿ ਇਸ ਨੂੰ ਤਰਜੀਹ ਦਿੰਦੇ ਹੋਇਆ 25 ਦਿਨਾਂ 'ਚ ਲੜਕੀ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਅਤੇ ਬੱਚੇ ਤੱਕ ਪਹੁੰਚਾਇਆ।

ਟੁੰਬਾਂ ਗਹਿਣੇ ਧਰ ਕੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਲਿਆ ਸੀ ਬਾਹਰ ਜਾਣ ਦਾ ਫੈਸਲਾ
ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਟੁੰਬਾਂ ਗਹਿਣੇ ਧਰ ਕੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਟ੍ਰੈਵਲ ਏਜੰਟ ਨੂੰ 70 ਹਜ਼ਾਰ ਰੁਪਏ ਦੇ ਕੇ ਦੁਬਈ ਭੇਜਿਆ ਸੀ। ਪਰ ਉਸ ਨੂੰ ਨਹੀ ਸੀ ਪਤਾ ਕਿ ਉਸ ਦਾ ਇਹੀ ਫੈਸਲਾ ਉਸ ਦੇ ਜੀਵਨ ਲਈ ਇੱਕ ਕਾਲ ਬਣ ਜਾਵੇਗਾ। ਉਸ ਨੇ ਦੱਸਿਆ ਕਿ ਤੜਕੇ 5 ਵਜੇ ਤੋਂ ਲੈ ਕੇ ਰਾਤ ਦੇ 1-2 ਵਜੇ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਰਾਤ ਨੂੰ ਬੇਸਮੈਂਟ 'ਚ 1 ਕਮਰੇ 'ਚ ਬੰਦ ਕਰਕੇ ਕਮਰੇ ਨੂੰ ਜਿੰਦਰਾ ਮਾਰ ਦਿੱਤਾ ਜਾਂਦਾ ਸੀ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੜਕੀਆਂ ਅਰਬ ਮੁਲਕਾਂ 'ਚ ਨਾ ਭੇਜਣ।

ਇਹ ਵੀ ਪੜ੍ਹੋ- ਦੇਖ ਲਓ ਇਸ਼ਕ 'ਚ ਅੰਨ੍ਹਿਆਂ ਦਾ ਹਾਲ ! ਖ਼ੁਦਕੁਸ਼ੀ ਦੀ ਧਮਕੀ ਦੇ ਕੇ 15 ਸਾਲਾ ਕੁੜੀ ਨੇ ਕਰਵਾਇਆ ਪ੍ਰੇਮੀ ਨਾਲ ਵਿਆਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News