ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਸਤਲੁਜ ਦੇ 20 ਕਿਲੋਮੀਟਰ ਧੁੱਸੀ ਬੰਨ ਨੂੰ ਕੀਤਾ ਮਜ਼ਬੂਤ

12/11/2019 7:32:51 PM

ਸੁਲਤਾਨਪੁਰ ਲੋਧੀ, (ਸੋਢੀ) : ਗਿੱਦੜਪਿੰਡੀ ਪੁਲ ਤੋਂ ਲੈ ਕੇ ਸ਼ਾਹਕੋਟ ਤੱਕ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀਹ ਕਿਲੋਮੀਟਰ ਦੇ ਕਰੀਬ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਚੁੱਕਾ। ਹੜ੍ਹਾਂ ਨਾਲ ਪੀੜਤ ਕਿਸਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਗੱਟੀ ਪੀਰ ਬਖਸ਼ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੋਸ਼ਨ, ਮਹਿਰਾਜਵਾਲਾ ਦੇ ਸਰਪੰਚ ਕੁਲਵੰਤ ਸਿੰਘ, ਜਾਣੀਆ ਚਾਹਲ ਤੋਂ ਮੇਜਰ ਸਿੰਘ, ਗੁਰਮੇਲ ਸਿੰਘ ਤੇ ਰਾਜੇਵਾਲ ਤੋਂ ਸਾਬਕਾ ਸਰਪੰਚ ਮਲਕੀਤ ਸਿੰਘ ਦੀ ਅਗਵਾਈ ਹੇਠ ਤਿੰਨ ਥਾਵਾਂ 'ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਾਰ ਸੇਵਾ ਚੱਲ ਰਹੀ ਹੈ। ਧੁੱਸੀ ਬੰਨ੍ਹ 'ਤੇ ਰੋਜ਼ਾਨਾ 35 ਤੋਂ 40 ਟਰਾਲੀਆਂ ਲੱਗੀਆਂ ਹੋਈਆਂ ਹਨ ਤੇ ਤਿੰਨ ਕਰੇਨਾਂ ਵੀ ਦਰਿਆ ਵਿੱਚ ਮਿੱਟੀ ਕੱਢਣ ਲਈ ਲਾਈਆ ਗਈਆਂ ਹਨ। ਸਾਰੀ ਮਸ਼ਨੀਰੀ ਨੂੰ ਤੇਲ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਸੰਤ ਸੀਚੇਵਾਲ ਆਪ ਨਿਭਾਅ ਰਹੇ ਹਨ ਜਦ ਕਿ ਕਿਸਾਨ ਆਪਣੇ ਟ੍ਰੈਕਟਰ ਟਰਾਲੀਆਂ ਲੈਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਗੱਟੀਪੀਰ ਬਖਸ਼ ਦੀਆਂ ਸੰਗਤਾਂ ਨੇ ਇੱਕ ਲੱਖ ਰੁਪਏ ਅਤੇ ਟ੍ਰੈਕਟਰ ਟਰਾਲੀਆਂ ਬੰਨ੍ਹ ਦੀ ਮਜ਼ਬੂਤੀ ਲਈ ਲਾਈਆ ਹੋਈਆਂ ਹਨ ਇਸੇ ਤਰ੍ਹਾਂ ਕੰਗ ਕਲਾਂ ਦੇ ਐਨ. ਆਰ. ਆਈ ਨਿਰਮਲ ਸਿੰਘ ਕੰਗ ਨੇ ਇੱਕ ਲੱਖ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਬੂਵਾਲ ਦੀਆਂ ਸੰਗਤਾਂ ਨੇ 1 ਲੱਖ 29 ਹਾਜ਼ਾਰ ਦੀ ਆਰਥਿਕ ਮੱਦਦ ਕੀਤੀ ਹੈ।

ਜਾਣਕਾਰੀ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਤੋਂ ਹੁਣ ਤੱਕ ਲੱਖਾਂ ਦਾ ਡੀਜ਼ਲ ਬੰਨ੍ਹ ਦੀ ਮਜ਼ਬੂਤੀ ਲਈ ਲੱਗ ਚੁੱਕਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ 150 ਦੇ ਕਰੀਬ ਤੱਕ ਵੀ ਟ੍ਰੈਕਟਰ ਚੱਲਦੇ ਰਹੇ ਸਨ।ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲੱਗੇ ਕਿਸਾਨਾਂ ਦਾ ਮੰਨਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਭੇਜੇ 6000 ਕਰੋੜ ਰੁਪਏ ਤੋਂ ਵੱਧ ਫੰਡ ਕੁਦਰਤੀ ਆਫਤਾਂ ਹੜ੍ਹ ਆਉਣਾ ਤੋਂ ਪਹਿਲਾਂ ਖਰਚੇ ਜਾਣ ਨਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਤਬਾਹੀ ਤੋਂ ਬਾਅਦ ਵੰਡਿਆ ਜਾਵੇ। ਹੜ੍ਹ ਦਾ ਕਾਰਨ ਬਣਦੀਆਂ ਰੁਕਾਵਟਾਂ ਵੀ ਦੂਰ ਹੋ ਰਹੀਆਂ ਹਨ ਅਤੇ ਕਮਜ਼ੋਰ ਧੁੱਸੀ ਬੰਨ੍ਹ ਨੂੰ ਉਸੇ ਮਿੱਟੀ ਨਾਲ ਚੌੜਾ ਅਤੇ ਉੱਚਾ ਕਰਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਬੰਨ੍ਹ ਟੁੱਟੇ ਨਾ ਇਨ੍ਹਾਂ ਸੇਵਾ ਕਾਰਜਾਂ ਵਿੱਚ ਐੱਨ ਆਰ ਆਈਜ਼ ਅਤੇ ਪੰਜਾਬ ਭਰ ਦੀਆਂ ਸੰਗਤਾਂ ਤਨ ਮਨ ਧਨ ਨਾਲ ਪੂਰਾ ਸਹਿਯੋਗ ਕਰ ਰਹੀਆਂ ਹਨ। ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਹੜ੍ਹ ਪੀੜਤ ਪਿੰਡਾਂ ਦੇ ਲੋਕ ਸੰਤ ਸੀਚੇਵਾਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਸਖਤ ਮਿਹਨਤ ਕਰ ਰਹੇ ਹਨ। ਲੋਕਾਂ ਨੇ ਇਕਜੁਟ ਹੋ ਸਤਲੁਜ ਦਰਿਆ ਦੇ ਤਲ ਨੂੰ ਸਾਫ਼ ਕਰ ਅਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਨਾਲ ਲੋਕ ਸ਼ਕਤੀ ਦਾ ਨਵਾਂ ਇਤਿਹਾਸ ਸਿਰਜਿਆ ਹੈ।ਗਿੱਦੜਪਿੰਡੀ ਪੁਲ ਦੇ ਦਰਾਂ ਵਿੱਚ ਦਹਾਕਿਆਂ ਤੋਂ ਜਮ੍ਹਾਂ ਹੋ ਰਹੀ ਮਿੱਟੀ ਪੁਲ ਦੇ ਗਾਡਰਾਂ ਨੂੰ ਛੂਹਣ ਲੱਗ ਪਈ ਹੈ। ਜਿਸ ਕਾਰਨ ਹਰ ਸਾਲ ਬਰਸਾਤਾਂ ਦੌਰਾਨ ਹੜ੍ਹਾਂ ਦੀ ਮੁਸੀਬਤ ਲੋਕਾਂ ਨੂੰ ਚੈਨ ਦੀ ਨੀਂਦ ਵੀ ਨਹੀਂ ਆਉਣ ਦਿੰਦੀ। ਯਾਦ ਰਹੇ ਕਿ 2008 ਵਿੱਚ ਵੀ ਸੰਤ ਸੀਚੇਵਾਲ ਜੀ ਨੇ ਸੰਗਤ ਦੇ ਸਹਿਯੋਗ ਨਾਲ ਗਿੱਦੜਪਿੰਡੀ ਪੁਲ ਹੇਠੋਂ ਮਿੱਟੀ ਕੱਢਣ ਲਈ ਕਾਰ ਸੇਵਾ ਆਰੰਭ ਕੀਤੀ ਸੀ ਪਰ ਰਾਜਨੀਤਿਕ ਲੋਕਾਂ ਨੇ ਉਸ ਵੇਲੇ ਵੀ ਇਸ ਪਵਿੱਤਰ ਕਾਰਜ਼ ਨੂੰ ਆਨੇ ਬਹਾਨੇ ਬੰਦ ਕਰਵਾ ਦਿੱਤਾ ਸੀ।ਸੰਤ ਸੀਚੇਵਾਲ  ਦੀ ਯੋਗ ਅਗਵਾਈ ਤੇ ਭਰੋਸਾ ਕੀਤਾ ਹੈ ਜਿਸ ਦੇ ਸਾਰਥਿਕ ਨਤੀਜੇ ਵੀ ਦਿਸ ਰਹੇ ਹਨ।

ਤਿੰਨ ਦਹਾਕਿਆਂ ਦੌਰਾਨ 700  ਕਿਲੋਮੀਟਰ ਤੋਂ ਵੱਧ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਹੇਠੋਂ ਛੁਡਵਾ , ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ 164 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਨਾ, ਪੰਜਾਬ ਨੂੰ ਹਰਿਆਵਲ ਭਰਪੂਰ ਕਰਨ ਲਈ ਲੱਖਾਂ ਬੂਟੇ ਤਿਆਰ ਕਰਕੇ ਪਿੰਡਾਂ ਵਿੱਚ ਲਗਾਉਣੇ, ਵਿੱਦਿਆ-ਖੇਡਾਂ ਦੇ ਖੇਤਰ ਵਿੱਚ ਲੋੜਵੰਦ ਨੌਜਵਾਨਾਂ ਨੂੰ ਫਰੀ ਸਹੂਲਤਾਂ ਦੇਣੀਆਂ, ਹੜ੍ਹਾਂ ਦੌਰਾਨ ਬੰਨ੍ਹ ਬੰਨ੍ਹਣੇ ਅਤੇ ਪੰਜਾਬ ਦੇ 100 ਤੋਂ ਵੱਧ ਪਿੰਡਾਂ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 'ਸੀਚੇਵਾਲ ਮਾਡਲ' ਰਾਹੀ ਪ੍ਰਦੂਸ਼ਣ ਮੁਕਤ ਕਰਨਾ ਇਹ ਸਾਰੇ ਕਾਰਜ ਲੋਕ ਸ਼ਕਤੀ ਦੀ ਜਿੱਤ ਨੂੰ ਦਰਸਾਉਂਦੇ ਹਨ।  


Related News