ਸੁਦੀਕਸ਼ਾ ਜੀ ਬਣੇ ਨਿਰੰਕਾਰੀ ਮਿਸ਼ਨ ਦੇ ਮੁਖੀ

07/18/2018 1:44:14 AM

ਦਸੂਹਾ (ਝਾਵਰ) - ਸੰਤ ਨਿਰੰਕਾਰੀ ਮਿਸ਼ਨ ਦੇ ਚੌਥੇ ਮੁਖੀ ਬਾਬਾ ਹਰਦੇਵ ਸਿੰਘ ਮਹਾਰਾਜ ਦੀ ਛੋਟੀ ਬੇਟੀ ਸੁਦੀਕਸ਼ਾ ਜੀ ਨੂੰ ਮਾਤਾ ਸਵਿੰਦਰ ਹਰਦੇਵ ਜੀ ਵੱਲੋਂ ਬੁਰਾੜੀ ਰੋਡ, ਦਿੱਲੀ ਦੀ ਗਰਾਊਂਡ ਨੰ. 8 ਵਿਖੇ ਦੇਸ਼-ਵਿਦੇਸ਼ 'ਚੋਂ ਲੱਖਾਂ ਦੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਦੀ ਹਾਜ਼ਰੀ 'ਚ ਮੁੱਖ ਸਟੇਜ 'ਤੇ ਤਿਲਕ ਲਾ ਕੇ ਨਿਰੰਕਾਰੀ ਮਿਸ਼ਨ ਦੀ 6ਵੀਂ ਮੁਖੀ ਬਣਾਇਆ ਗਿਆ। ਇਸ ਮੌਕੇ ਪੰਡਾਲ ਨਿਰੰਕਾਰੀ ਮਿਸ਼ਨ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਿਸ਼ਨ ਦੀ ਨਵੀਂ ਮੁਖੀ ਨੂੰ ਸੁਦੀਕਸ਼ਾ ਸਵਿੰਦਰ ਹਰਦੇਵ ਨਾਂ ਦਿੱਤਾ ਗਿਆ।
ਉਨ੍ਹਾਂ ਆਪਣੇ ਪਹਿਲੇ ਪ੍ਰਵਚਨ 'ਚ ਕਿਹਾ ਕਿ ਉਹ ਇਸ ਮਿਲੀ ਜ਼ਿੰਮੇਵਾਰੀ ਦੇ ਕਾਬਿਲ ਤਾਂ ਨਹੀਂ ਹਨ ਪਰ ਬਾਬਾ ਹਰਦੇਵ ਸਿੰਘ ਮਹਾਰਾਜ ਅਤੇ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਅਤੇ ਸਮੂਹ ਸੰਗਤਾਂ ਦੇ ਆਸ਼ੀਰਵਾਦ ਨਾਲ ਇਸ ਜ਼ਿੰਮੇਵਾਰੀ ਨੂੰ ਦਿਨ-ਰਾਤ ਇਕ ਕਰ ਕੇ ਨਿਭਾਉਣਗੇ। ਉਹ ਮਿਸ਼ਨ ਦੇ ਕੰਮਾਂ ਲਈ ਸਦਾ ਤੱਤਪਰ ਰਹਿਣਗੇ ਅਤੇ ਬਾਬਾ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਇਸ ਮੌਕੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਛਲਕ ਰਹੇ ਸਨ। ਇਸ ਤੋਂ ਪਹਿਲਾਂ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਮੁਖੀ ਮਾਤਾ ਸਵਿੰਦਰ ਹਰਦੇਵ ਜੀ ਨੇ ਕਿਹਾ ਕਿ ਹੁਣ ਮਿਸ਼ਨ ਦੀ ਵਾਗਡੋਰ ਸੁਦੀਕਸ਼ਾ ਜੀ ਦੇ ਹਵਾਲੇ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਿਰੰਕਾਰੀ ਮਿਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਹਾਰ ਭੇਟ ਕੀਤਾ ਅਤੇ ਉਨ੍ਹਾਂ ਦੇ ਚਰਨਾਂ 'ਚ ਨਮਸਕਾਰ ਕੀਤੀ। ਇਸ ਦੌਰਾਨ ਮਿਸ਼ਨ ਦੇ ਸਾਲਾਨਾ ਇੰਟਰਨੈਸ਼ਨਲ ਸੰਤ ਸਮਾਗਮ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਗਿਆ, ਜੋ 24, 25 ਤੇ 26 ਨਵੰਬਰ ਨੂੰ ਹੋਵੇਗਾ।


Related News