ਹਥਿਆਰਾਂ ਦੀ ਥਾਂ ਖੇਡਾਂ ਦੇ ਮੈਦਾਨ ਲਈ ਬਜਟ ਜ਼ਿਆਦਾ ਰੱਖਿਆ ਜਾਵੇ: ਸੰਤ ਬਲਬੀਰ ਸਿੰਘ ਸੀਚੇਵਾਲ

Wednesday, Aug 14, 2024 - 05:24 PM (IST)

ਹਥਿਆਰਾਂ ਦੀ ਥਾਂ ਖੇਡਾਂ ਦੇ ਮੈਦਾਨ ਲਈ ਬਜਟ ਜ਼ਿਆਦਾ ਰੱਖਿਆ ਜਾਵੇ: ਸੰਤ ਬਲਬੀਰ ਸਿੰਘ ਸੀਚੇਵਾਲ

ਸੁਲਤਾਨਪੁਰ ਲੋਧੀ (ਧੀਰ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੈਰਿਸ ਉਲੰਪਿਕ ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਕੇ ਦੇਸ਼ ਦਾ ਝੰਡਾ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ। ਉਨ੍ਹਾਂ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਉਲੰਪਿਕ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆ ਨੇ ਕੌਮਾਂਤਰੀ ਪੱਧਰ ’ਤੇ ਅਜਿਹੇ ਮੁਕਾਬਲੇ ਵੀ ਵੇਖੇ ਹਨ ਜਦੋਂ ਇਕੋਂ ਪਿੰਡ ਸੰਸਾਰਪੁਰ ਦੇ ਹੀ ਅੱਠ ਖਿਡਾਰੀਆਂ ਨੇ ਦੇਸ਼ ਦੀ ਝੋਲੀ ਵਿੱਚ ਸੋਨੇ ਦੇ ਮੈਡਲ ਪਾਏ ਸਨ।

ਉਨ੍ਹਾਂ ਕਿਹਾ ਕਿ ਉਲੰਪਿਕ ਜਾਂ ਕਿਸੇ ਵੀ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀ ਭੇਜਣ ਲਈ ਕੀਤੀ ਜਾਂਦੀ ਚੋਣ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਜਦੋਂ ਖਿਡਾਰੀਆਂ ਦੀ ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਨਿੱਜੀ ਯੋਗਤਾ ਕਰਕੇ ਕੀਤੀ ਜਾਂਦੀ ਹੈ ਨਾ ਕਿ ਕੋਈ ਵਿਸ਼ੇਸ਼ ਖਿਤਾ ਦੇਖ ਕੇ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਦੇਸ਼ ਲਈ ਹੀ ਖੇਡਦੇ ਹਨ ਇਸ ਲਈ ਯੋਗ ਖਿਡਾਰੀਆਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਸਬੰਧੀ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖੇਡਾਂ ਦੇ ਬਜਟ ਦੀ ਵੀ ਜਦੋਂ ਵੰਡ ਹੁੰਦੀ ਹੈ, ਉਸ ਵਿਚ ਕੋਈ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਪੰਜਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਜਟ ਵਿੱਚ ਪੰਜਾਬ ਨੂੰ ਸਿਰਫ਼ 65 ਕਰੋੜ ਰੁਪਏ ਹੀ ਦਿੱਤੇ ਗਏ ਹਨ ਜਦ ਕਿ ਉਲੰਪਿਕ ਵਿੱਚ ਇੱਥੋਂ 16 ਦੇ ਕਰੀਬ ਖਿਡਾਰੀ ਗਏ ਸਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਹੜੇ ਸੂਬੇ ਵਿੱਚੋਂ ਸਿਰਫ਼ ਦੋ ਖਿਡਾਰੀ ਹੀ ਉਲੰਪਿਕ ਵਿੱਚ ਗਏ ਉਸ ਸੂਬੇ ਨੂੰ 650 ਕਰੋੜ ਰੁਪਏ ਦਿੱਤੇ ਗਏ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਖੇਡਾਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਸਗੋਂ ਯੋਗ ਖਿਡਾਰੀਆਂ ਦੀ ਮਦਦ ਕੀਤੀ ਜਾਵੇ। ਪੰਜਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਾਕੀ ਅਤੇ ਕੁਸ਼ਤੀ ਅਜਿਹੀਆਂ ਖੇਡਾਂ ਹਨ, ਜਿਹੜੀਆਂ ਪੰਜਾਬੀਆਂ ਦੇ ਖ਼ੂਨ ਵਿੱਚ ਰਚੀਆਂ ਹੋਈਆਂ ਹਨ। ਪੰਜਾਬ ਨੂੰ ਹਾਕੀ ਦੇ ਜ਼ਿਆਦਾ ਖੇਡ ਮੈਦਾਨ ਚਾਹੀਦੇ ਹਨ, ਜਿੱਥੇ ਅਧੁਨਿਕ ਕਿਸਮ ਦੀਆਂ ਅਸਟੋਟਰਫ ਲੱਗੀਆਂ ਹੋਣ ਅਤੇ ਸਾਰੀਆਂ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਹੋਣ। ਉਨ੍ਹਾਂ ਹਾਕੀ ਵਿੱਚ ਚੈਂਪੀਅਨ ਬਣੇ ਨੀਦਰਲੈਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਛੋਟੇ ਜਿਹੇ ਮੁਲਕ ਵਿੱਚ ਏਨੀਆਂ ਜ਼ਿਆਦਾ ਐਸਟੋਟਰਫ ਹਨ ਕਿ ਖਿਡਾਰੀਆਂ ਨੂੰ ਬਹੁਤੀ ਦੂਰ ਨਹੀਂ ਜਾਣਾ ਪੈਂਦਾ।

ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆਂ ਵਿੱਚ ਹੁਣ ਜਦੋਂ ਸਭ ਤੋਂ ਵੱਧ ਅਬਾਦੀ ਸਾਡੇ ਮੁਲਕ ਦੀ ਹੈ ਤੇ ਸਭ ਤੋਂ ਵੱਧ ਯੁਵਾ ਤਾਕਤ ਵੀ ਸਾਡੇ ਮੁਲਕ ਕੋਲ ਹੈ। ਫਿਰ ਵੀ ਉਲੰਪਿਕ ਵਿੱਚ ਮੈਡਲਾਂ ਦੀ ਗਿਣਤੀ ਵਿੱਚ ਸਾਡਾ ਸਥਾਨ ਸਾਡੇ ਗੁਆਂਢੀ ਮੁਲਕ ਤੋਂ ਵੀ ਪੱਛੜ ਗਿਆ ਹੈ। ਸੰਤ ਸੀਚੇਵਾਲ ਨੇ ਖੇਡ ਮੰਤਰਾਲੇ ਕੋਲੋ ਮੰਗ ਕੀਤੀ ਕਿ ਉਹ 2028 ਦੇ ਉਲੰਪਿਕ ਦੀ ਥਾਂ 2032 ਦੇ ਉਲੰਪਿਕ ਦਾ ਨਿਸ਼ਾਨਾ ਮਿੱਥ ਕੇ ਖੇਡ ਨੀਤੀ ਬਣਾਉਣ ਤਾਂ ਜੋ ਖੇਡਾਂ ਵਿੱਚ ਵੀ ਭਾਰਤ ਆਪਣੇ ਜਿੱਤ ਦੇ ਝੰਡੇ ਗੱਡ ਸਕੇ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿੱਤ ਹਾਸਲ ਕਰਨ ਲਈ ਮਾਰੂ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਇਹ ਮਾਰੂ ਹਥਿਆਰ ਵਿਨਾਸ਼ ਦਾ ਪ੍ਰਤੀਕ ਹਨ ਜਦਕਿ ਖੇਡ ਮੈਦਾਨ ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ। ਜੰਗ ਦੇ ਮੈਦਾਨ ਮੌਤ ਵੰਡਦੇ ਹਨ ਜਦ ਕਿ ਖੇਡ ਦੇ ਮੈਦਾਨ ਖ਼ੁਸ਼ੀਆਂ ਵੰਡਦੇ ਹਨ।
 

ਇਹ ਵੀ ਪੜ੍ਹੋ- 20 ਦਿਨਾਂ ਦੀ ਛੁੱਟੀ 'ਤੇ ਆਏ ਫ਼ੌਜੀ ਦੀ ਸੜਕ ਹਾਦਸੇ 'ਚ ਮੌਤ, ਦੋ ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News