ਲੜਾਈ-ਝਗੜੇ ਦੇ ਮਾਮਲੇ ‘ਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਸਣੇ ਅੱਧੀ ਦਰਜਨ ਤੋਂ ਵੱਧ ਨਾਮਜਦ
Friday, Nov 21, 2025 - 08:57 PM (IST)
ਫਗਵਾੜਾ, (ਜਲੋਟਾ)- ਪਿੰਡ ਭੁੱਲਾਰਾਈ ਵਿਖੇ ਬੀਤੇ ਦਿਨੀਂ ਹੋਏ ਲੜਾਈ-ਝਗੜੇ ਦੇ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਥਾਣਾ ਸਦਰ ਪੁਲਸ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੇ ਖਿਲਾਫ ਕਰਾਸ ਕੇਸ ਦਰਜ ਕਰ ਲਿਆ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਦੂਸਰੀ ਧਿਰ ਦੇ ਗਗਨਦੀਪ ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਭੁੱਲਾਰਾਏ ਨੇ ਫਗਵਾੜਾ ਸਦਰ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 17 ਨਵੰਬਰ ਦਿਨ ਸੋਮਵਾਰ ਨੂੰ ਵਕਤ ਕਰੀਬ 12 ਵਜੇ ਦਿਨ ਉਹ ਪਿੰਡ ਭੁੱਲਾਰਾਏ ਤੋਂ ਢੱਕ ਭੁੱਲਾਰਾਏ ਨੂੰ ਜਾ ਰਿਹਾ ਸੀ। ਜਦੋਂ ਗੁਰਦਿਆਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਭੁੱਲਾਰਾਏ ਦੀ ਹਵੇਲੀ ਨੇੜੇ ਪੁੱਜਾ ਤਾਂ ਉੱਥੇ ਪਿੰਡ ਦੇ ਸਰਪੰਚ ਰਜਤ ਭਨੋਟ, ਗੋਲਡੀ ਤੇ ਹੋਰ ਲੜਕੇ ਜਿਨ੍ਹਾਂ ਨਾਲ ਗੁਰਦਿਆਲ ਸਿੰਘ ਪੁੱਤਰ ਕਰਮ ਸਿੰਘ, ਦਵਿੰਦਰ ਕੌਰ ਪਤਨੀ ਗੁਰਦਿਆਲ ਸਿੰਘ, ਸੰਜੀਵ ਕੁਮਾਰ, ਅੰਜੂ ਬਾਲਾ ਪਤਨੀ ਸੰਜੀਵ ਕੁਮਾਰ, ਆਸ਼ੂ ਪੁੱਤਰ ਰਾਜ ਕੁਮਾਰ ਵਾਸੀਆਨ ਪਿੰਡ ਭੁੱਲਾਰਾਏ, ਅਮਰਜੀਤ ਸਿੰਘ ਉਰਫ ਗਭਰੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੁਰਮਪੁਰ ਥਾਣਾ ਸਦਰ ਫਗਵਾੜਾ ਅਤੇ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੱਖਪੁਰ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਇੱਕਠੇ ਹੋ ਕੇ ਸਰਪੰਚ ਰਜਤ ਭਨੋਟ ਤੇ ਅਸ਼ਵਨੀ ਕੁਮਾਰ ਪੁੱਤਰ ਇੰਦਰ ਪਾਲ ਵਾਸੀ ਭੁੱਲਾਰਾਏ ਨਾਲ ਬਹਿਸ ਕਰ ਰਹੇ ਸੀ। ਜਿਨ੍ਹਾਂ ਨੂੰ ਛਡਾਉਣ ਲਈ ਜਦੋਂ ਉਹ ਅੱਗੇ ਹੋਇਆ ਤਾਂ ਇਹ ਸਾਰੇ ਉਸਦੇ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਉਸਦੇ ਗਲ ਵਿੱਚ ਪਾਇਆ ਧਾਰਮਿਕ ਜੇਨੇਉ ਤੋੜ ਦਿੱਤਾ।
ਗਗਨਦੀਪ ਅਨੁਸਾਰ ਝਗੜੇ ਦੀ ਵਜ੍ਹਾ ਇਹ ਹੈ ਕਿ ਗੁਰਦਿਆਲ ਸਿੰਘ ਨੇ ਪਿੰਡ ਦੀ ਅਬਾਦੀ ਵਾਲੀ ਜਗਾ 'ਤੇ ਗੁੱਜਰਾਂ ਦੇ ਡੰਗਰ ਰੱਖੇ ਹੋਏ ਹਨ। ਪਿੰਡ ਵਾਸੀਆਂ ਵਲੋਂ ਇਸ ਨੂੰ ਲੈ ਕੇ ਇਤਰਾਜ਼ ਕਰਨ ‘ਤੇ ਸਰਪੰਚ ਰਜਤ ਭਨੋਟ ਅਤੇ ਹੋਰ ਪਿੰਡ ਵਾਸੀ ਜਗ੍ਹਾ ਵਿਹਲੀ ਕਰਵਾਉਣ ਲਈ ਕਹਿ ਰਹੇ ਸੀ। ਥਾਣਾ ਸਦਰ ਦੇ ਏ.ਐਸ.ਆਈ. ਜਸਵਿੰਦਰਪਾਲ ਨੇ ਦੱਸਿਆ ਕਿ ਮੁੱਕਦਮਾ ਨੰਬਰ 128 ਮਿਤੀ 19-11-2025 ਵਿੱਚ ਮੁਦਈ ਗਗਨਦੀਪ ਦੇ ਬਿਆਨ ਦੇ ਅਧਾਰ ‘ਤੇ ਧਾਰਾ 133,115(2),126(2) 190 ਬੀ.ਐਨ.ਐਸ. ਤਹਿਤ ਕਰਾਸ ਕੇਸ ਵਜੋਂ ਤਫਤੀਸ਼ ਕੀਤੀ ਜਾ ਰਹੀ ਹੈ।
