ਫਗਵਾੜਾ ਪੁਲਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, 3 ਗ੍ਰਿਫਤਾਰ
Friday, Nov 21, 2025 - 11:42 PM (IST)
ਫਗਵਾੜਾ (ਜਲੋਟਾ) - ਐੱਸ. ਐੱਸ. ਪੀ. ਗੌਰਵ ਤੂਰਾ ਵੱਲੋਂ ਜ਼ਿਲ੍ਹੇ ’ਚ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫਗਵਾੜਾ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਪੁਲਸ ਨੇ ਇੱਥੇ ਬੀਤੇ ਦਿਨੀਂ ਹੋਏ ਈ-ਰਿਕਸ਼ਾ ਚਾਲਕ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ।
ਐੱਸ.ਪੀ. ਫਗਵਾੜਾ ਸ਼੍ਰੀਮਤੀ ਮਾਧਵੀ ਸ਼ਰਮਾ ਨੇ ਦੱਸਿਆ ਕਿ 27 ਅਕਤੂਬਰ ਦੀ ਦੇਰ ਰਾਤ ਨੂੰ ਅਣਪਛਾਤੇ ਕਾਤਲਾਂ ਨੇ ਈ-ਰਿਕਸ਼ਾ ਚਾਲਕ ਕੁਲਦੀਪ ਧੰਨਵਾਰ ਵਾਸੀ ਨਜ਼ਦੀਕ ਪ੍ਰਾਈਮਰੀ ਸਕੂਲ ਸੁਖਚੈਨ ਨਗਰ ਫਗਵਾੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਕਾਂਡ ’ਚ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਤਲ ਲੁੱਟ ਖੋਹ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਤਲਾਂ ਨੇ ਪਿੰਡ ਭੁੱਲਾਰਾਈ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਈ ਸੀ ਤਾਂ ਉਹ ਦਾਣਾ ਮੰਡੀ ਫਗਵਾੜਾ ਵਿਖੇ ਬੈਠ ਕੇ ਸ਼ਰਾਬ ਪੀ ਰਹੇ ਸਨ, ਜਿਨ੍ਹਾਂ ਦੇ ਨਜ਼ਦੀਕ ਤੋਂ ਈ-ਰਿਕਸ਼ਾ ਚਾਲਕ ਜੱਦ ਨਿਕਲਿਆ ਤਾਂ ਇਨ੍ਹਾਂ ਨੇ ਉਸ ਪਾਸੋਂ ਲੁੱਟ ਦੀ ਨੀਅਤ ਨਾਲ ਉਸਨੂੰ ਸੁਵਿਧਾ ਕੇਂਦਰ ਨਜ਼ਦੀਕ ਰੋਕ ਲਿਆ, ਜਿਸ ’ਤੇ ਈ-ਰਿਕਸ਼ਾ ਚਾਲਕ ਦੀ ਇਨ੍ਹਾਂ ਤਿੰਨਾਂ ਦੋਸ਼ੀਆਂ ਨਾਲ ਹੱਥੋਂ ਪਾਈ ਹੋਈ ਤਾਂ ਇਸੇ ਹੱਥੋਂਪਾਈ ਦੌਰਾਨ ਕਾਤਲਾਂ ਨੇ ਦੇਸੀ ਪਿਸਤੌਲ ਦੀ ਵਰਤੋਂ ਕਰਦੇ ਹੋਏ ਇਸ ਨੂੰ ਗੋਲੀ ਮਾਰ ਦਿੱਤੀ ਅਤੇ ਇਲਾਜ ਦੌਰਾਨ ਬਾਅਦ ਵਿਚ ਈ-ਰਿਕਸ਼ਾ ਚਾਲਕ ਕੁਲਦੀਪ ਧੰਨਵਾਰ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਾਤਲਾਂ ਦੀ ਪਛਾਣ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸੀਰਾਵਾਦ ਥਾਣਾ ਰਾਵਲਪਿੰਡੀ, ਇੰਸ਼ਵਿੰਦਰ ਕੌਲ ਉਰਫ ਬਾਬਾ ਉਰਫ ਇਸ਼ੂ ਪੁੱਤਰ ਪਰਮਜੀਤ ਵਾਸੀ ਉੱਚਾ ਪਿੰਡ ਥਾਣਾ ਪਤਾਰਾ ਜ਼ਿਲਾ ਜਲੰਧਰ ਦਿਹਾਤੀ ਅਤੇ ਅਮਨ ਪੁੱਤਰ ਕਰਨੈਲ ਵਾਸੀ ਜੇਠਪੁਰ ਥਾਣਾ ਪਤਾਰਾ ਜ਼ਿਲਾ ਜਲੰਧਰ ਦਿਹਾਤੀ ਵਜੋਂ ਹੋਈ ਹੈ।
ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਹਰਮਨ ਸਿੰਘ ਖਿਲਾਫ ਪੁਲਸ ਥਾਣਾ ਬਹਿਰਾਮ ਅਤੇ ਪੁਲਸ ਥਾਣਾ ਗੁਰਾਇਆ ਵਿਖੇ ਪਹਿਲਾਂ ਵੀ 2 ਪੁਲਸ ਕੇਸ ਦਰਜ ਹਨ, ਜਦਕਿ ਦੋਸ਼ੀ ਕਾਤਲ ਇੰਸ਼ਵਿੰਦਰ ਕੌਲ ਉਰਫ ਬਾਬਾ ਉਰਫ ਇਸ਼ੂ ਖਿਲਾਫ ਪੁਲਸ ਥਾਣਾ ਲਾਂਬੜਾ ਜ਼ਿਲਾ ਜਲੰਧਰ ਅਤੇ ਪੁਲਸ ਥਾਣਾ ਬਹਿਰਾਮ ਵਿਖੇ ਪੁਲਸ ਕੇਸ ਦਰਜ ਹਨ।
ਇਸੇ ਤਰ੍ਹਾਂ ਮੁਲਜ਼ਮ ਅਮਨ ਖਿਲਾਫ ਪੁਲਸ ਥਾਣਾ ਲਾਂਬੜਾ ਅਤੇ ਪੁਲਸ ਥਾਣਾ ਬਹਿਰਾਮ ਵੇਖੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਕਾਤਲ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਤਲ ਕਰਨ ਤੋਂ ਬਾਅਦ ਹਰਮਨ ਦੇ ਘਰ ਪਿੰਡ ਨਸੀਰਾਬਾਦ ਵਿਖੇ ਚਲੇ ਗਏ ਸਨ, ਜਿਨ੍ਹਾਂ ਕੋਲੋਂ ਹੁਣ ਪੁਲਸ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਇਨ੍ਹਾਂ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋ ਸਕਦੇ ਹਨ। ਪੁਲਸ ਜਾਂਚ ਦਾ ਦੌਰ ਜਾਰੀ ਹੈ
ਇਸ ਦੌਰਾਨ ਅਹਿਮ ਗੱਲ ਇਹ ਵੀ ਹੈ ਕਿ ਪੁਲਸ ਨੂੰ ਹਾਲੇ ਕਾਤਲਾਂ ਪਾਸੋਂ ਕੋਈ ਬਰਾਮਦਗੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਪੁਲਸ ਦੇ ਦੱਸਣ ਮੁਤਾਬਕ ਦੋਸ਼ੀਆਂ ਨੇ ਦੇਸੀ ਪਿਸਤੌਲ ਦੀ ਵਰਤੋਂ ਕਰਦੇ ਹੋਏ ਈ ਰਿਕਸ਼ਾ ਚਾਲਕ ਨੂੰ ਗੋਲੀ ਮਾਰੀ ਸੀ।
ਕਤਲਕਾਂਡ ਸਬੰਧੀ ਅਹਿਮ ਗੱਲ ਇਹ ਹੀ ਹੈ ਕਿ ਕਤਲ ਹੋਏ ਈ-ਰਿਕਸ਼ਾ ਚਾਲਕ ਨੇ ਗੋਲੀ ਲਗਣ ਤੋਂ ਬਾਅਦ ਆਪਣੇ ਮੋਬਾਈਲ ਫੋਨ ਤੋਂ ਫੋਨ ਕਰ ਕੇ ਖੁਦ ਦੱਸਿਆ ਸੀ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰੀ ਹੈ। ਇਸ ਤੋਂ ਬਾਅਦ ਹੀ ਉਸਦੇ ਕਰੀਬੀ ਅਤੇ ਪਰਿਵਾਰਿਕ ਮੈਂਬਰ ਉਸ ਨੂੰ ਉਸੇ ਈ-ਰਿਕਸ਼ਾ ’ਚ ਉਸ ਨੂੰ ਜ਼ਖਮੀਂ ਹਾਲਤ ’ਚ ਸਿਵਲ ਹਸਪਤਾਲ ਫਗਵਾਡ਼ਾ ਇਲਾਜ ਲਈ ਲੈ ਕੇ ਆਏ ਸਨ।
ਹੁਣ ਜੇਕਰ ਪੁਲਸ ਦੇ ਦੱਸਣ ਮੁਤਾਬਕ ਕਾਤਲਾਂ ਨੇ ਇਹ ਕਤਲ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਹੀ ਕੀਤਾ ਹੈ ਤਾਂ ਫਿਰ ਕਾਤਲ ਉਸਦਾ ਮੋਬਾਈਲ ਫੋਨ ਅਤੇ ਉਸ ਪਾਸ ਮੌਜੂਦ ਕੈਸ਼, ਈ-ਰਿਕਸ਼ਾ ’ਚ ਮੌਜੂਦ ਬੈਟਰੀ ਅਤੇ ਈ-ਰਿਕਸ਼ਾ ਆਦਿ ਕੁਝ ਵੀ ਲੁੱਟ ਕੇ ਕਿਉਂ ਨਹੀਂ ਲੈ ਕੇ ਗਏ ਸਨ? ਹੋਰ ਤਾਂ ਹੋਰ ਗੋਲੀ ਲੱਗਣ ਤੋਂ ਬਾਅਦ ਮ੍ਰਿਤਕ ਨੇ ਜ਼ਖਮੀ ਹਾਲਤ ’ਚ ਆਪਣੇ ਨਾਲ ਲੁੱਟ-ਖੋਹ ਹੋਣ ਸਬੰਧੀ ਵੀ ਕਿਸੇ ਨਾਲ ਤੱਦ ਕੋਈ ਗੱਲ ਨਹੀਂ ਕੀਤੀ ਸੀ?
