ਸ਼ਹੀਦ ਮਨਦੀਪ ਸਿੰਘ ਦਾ ਜੱਦੀ ਪਿੰਡ ਆਲਮਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ

Monday, Jan 22, 2018 - 07:14 AM (IST)

ਸ਼ਹੀਦ ਮਨਦੀਪ ਸਿੰਘ ਦਾ ਜੱਦੀ ਪਿੰਡ ਆਲਮਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਲਹਿਰਾਗਾਗਾ (ਜਿੰਦਲ, ਗਰਗ) - ਪੁੰਛ ਵਿਖੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਆਲਮਪੁਰ ਵਿਖੇ ਸੋਗਮਈ ਮਾਹੌਲ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਕਰੀਬ ਢਾਈ ਵਰ੍ਹੇ ਪਹਿਲਾਂ 22 ਸਿੱਖ ਰੈਜੀਮੈਂਟ ਵਿਚ ਭਰਤੀ ਹੋਏ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜੀ ਸਨਮਾਨਾਂ ਨਾਲ ਲੈ ਕੇ ਜਿਵੇਂ ਹੀ ਫੌਜ ਤੇ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ਪੁੱਜੇ ਤਾਂ ਦੇਸ਼ ਦੇ ਨਾਇਕ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ ਦੇਣ ਲਈ ਲੋਕਾਂ ਦਾ ਹੜ੍ਹ ਆ ਗਿਆ। ਦੇਸ਼ ਦੀ ਸ਼ਾਨ ਤਿਰੰਗੇ 'ਚ ਲਪੇਟੀ ਸ਼ਹੀਦ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਲਈ ਆਲਮਪੁਰ ਅਤੇ ਨੇੜਲੇ ਪਿੰਡਾਂ ਦੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਹੋਏ ਸਨ ।
ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ ਮਨਦੀਪ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ, ਬ੍ਰਿਗੇਡ ਆਫ਼ ਗਾਰਡਜ਼ ਦੇ ਕਰਨਲ ਨੀਲ ਗਗਨ ਸਿੰਘ, 22 ਸਿੱਖ ਰੈਜੀਮੈਂਟ ਤੋਂ ਸੂਬੇਦਾਰ ਰਣਜੀਤ ਸਿੰਘ ਅਤੇ ਹੋਰ ਅਧਿਕਾਰੀ, ਰੈਜੀਮੈਂਟ ਦੇ ਸਿਪਾਹੀ, ਸੈਨਿਕ ਭਲਾਈ ਬੋਰਡ ਦੇ ਕਮਾਂਡੈਂਟ ਰਾਜਵੰਤ ਸਿੰਘ, ਕੈਪਟਨ ਸ਼ਾਮ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਵਿਧਾਇਕ ਲਹਿਰਾ ਪਰਮਿੰਦਰ ਸਿੰਘ ਢੀਂਡਸਾ, ਐੱਸ. ਡੀ. ਐੱਮ. ਲਹਿਰਾ ਬਿਕਰਮਜੀਤ ਸਿੰਘ ਸ਼ੇਰਗਿੱਲ, ਸਮਾਜਿਕ, ਸਿਆਸੀ, ਫੌਜ ਅਤੇ ਪੁਲਸ-ਪ੍ਰਸ਼ਾਸਨ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਨੇ ਰੀਥਾਂ ਰੱਖ ਕੇ ਸ਼ਹੀਦ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ । ਇਸ ਦੌਰਾਨ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ।


Related News