ਸੰਜੇ ਕਰਾਟੇ ਦੇ ਮਾਲਕ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਸ਼ਿਲਪਾ ਸ਼ੈੱਟੀ ਦਾ ਜਾਣਕਾਰ ਦੱਸ ਮਾਰੀ ਕਰੋੜਾਂ ਦੀ ਠੱਗੀ

Thursday, Jul 23, 2020 - 01:08 PM (IST)

ਸੰਜੇ ਕਰਾਟੇ ਦੇ ਮਾਲਕ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਸ਼ਿਲਪਾ ਸ਼ੈੱਟੀ ਦਾ ਜਾਣਕਾਰ ਦੱਸ ਮਾਰੀ ਕਰੋੜਾਂ ਦੀ ਠੱਗੀ

ਜਲੰਧਰ (ਕਮਲੇਸ਼)— ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕਲ ਸ਼ਰਮਾ 'ਤੇ ਕੁਝ ਹੀ ਦਿਨਾਂ 'ਚ ਦੂਜਾ ਮਾਮਲਾ ਦਰਜ ਹੋਇਆ ਹੈ। ਇਸ ਵਾਰ ਮਾਮਲਾ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਹੈ। ਪੁਲਸ ਨੂੰ ਪੀੜਤਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕਲ ਸ਼ਰਮਾ ਅਤੇ ਉਸ ਦੀ ਪਤਨੀ ਪੂਜਾ ਗੋਕਲ ਨੇ 8 ਨੌਜਵਾਨਾਂ ਨੂੰ ਕਰਾਟੇ ਸਿਖਾਉਣ ਦੇ ਨਾਂ 'ਤੇ ਵਿਦੇਸ਼ ਭੇਜਣ ਨੂੰ ਲੈ ਕੇ 2.5 ਕਰੋੜ ਦੀ ਠੱਗੀ ਦਾ ਸ਼ਿਕਾਰ ਬਣਾਇਆ ਹੈ।

ਨਕੋਦਰ ਦੇ ਰਹਿਣ ਵਾਲੇ ਸੁਖਰਾਜ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੱਸ ਸਟੈਂਡ ਕੋਲ ਕੇ. ਪੀ. ਟਰੈਵਲ ਏਜੰਸੀ ਚਲਾਉਣ ਵਾਲੇ ਟਰੈਵਲ ਏਜੰਟ ਬਲਰਾਜ ਸਿੰਘ ਕੋਲ ਉਹ 2018 'ਚ ਵਿਦੇਸ਼ ਜਾਣ ਸਬੰਧੀ ਜਾਣਕਾਰੀ ਲੈਣ ਪਹੁੰਚੇ ਸਨ। ਇਥੇ ਹੀ ਉਸ ਨੂੰ ਸੰਜੇ ਕਰਾਟੇ ਦੇ ਮਾਲਕ ਸੰਜੇ ਸ਼ਰਮਾ ਨਿਵਾਸੀ ਡਿਫੈਂਸ ਕਾਲੋਨੀ ਅਤੇ ਉਸ ਦੀ ਪਤਨੀ ਪੂਜਾ ਗੋਕਲ ਮਿਲੇ। ਮੁਲਜ਼ਮਾਂ ਨੇ ਝਾਂਸੇ 'ਚ ਲੈਂਦੇ ਹੋਏ ਕਿਹਾ ਕਿ ਕਰਾਟੇ ਸਿਖਾ ਕੇ ਉਹ ਉਨ੍ਹਾਂ ਦਾ ਵਿਦੇਸ਼ ਜਾਣ ਦਾ ਜੁਗਾੜ ਬਣਾ ਦੇਣਗੇ, ਜਿਸ ਤੋਂ ਬਾਅਦ ਪੀੜਤ ਸੁਖਰਾਜ ਸਿੰਘ, ਸਚਿਨ, ਨਿਖਿਲ, ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਪ੍ਰਿਯੰਕਾ, ਕਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਮੁਲਜ਼ਮਾਂ ਨੂੰ 25-25 ਲੱਖ ਰੁਪਏ ਦੀ ਰਕਮ ਦੇ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਪਾਸਪੋਰਟ ਵੀ ਦੇ ਦਿੱਤੇ।

ਪੈਸੇ ਦੇਣ ਤੋਂ ਬਾਅਦ ਜਦੋਂ ਵੀ ਮੁਲਜ਼ਮਾਂ ਤੋਂ ਵੀਜ਼ੇ ਬਾਰੇ ਪੁੱਛਿਆ ਜਾਂਦਾ ਤਾਂ ਉਹ ਥੋੜ੍ਹੇ ਦਿਨ ਦਾ ਸਮਾਂ ਮੰਗ ਕੇ ਗੱਲ ਨੂੰ ਟਾਲ ਦਿੰਦੇ ਸਨ। ਕੁਝ ਦਿਨ ਬਾਅਦ ਪਾਸਪੋਰਟਾਂ 'ਤੇ ਵੀਜ਼ਾ ਲਾ ਕੇ ਤਾਂ ਦੇ ਦਿੱਤਾ ਗਿਆ ਪਰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦੇ ਪਾਸਪੋਰਟਾਂ 'ਤੇ ਜਾਅਲੀ ਵੀਜ਼ਾ ਲਾ ਕੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਟਰੈਵਲ ਏਜੰਟ ਬਲਰਾਜ ਕੋਲ ਵੀ ਗਏ ਸਨ ਅਤੇ ਉਸ ਨੇ ਜਦੋਂ ਸੰਜੇ ਤੋਂ ਪੀੜਤਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ ਤਾਂ ਉਸ ਨੂੰ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਕੀਤੀ ਗਈ। ਕਮਿਸ਼ਨਰ ਨੇ ਥਾਣਾ ਨੰਬਰ 6 ਦੀ ਪੁਲਸ ਨੂੰ ਮਾਮਲੇ 'ਚ ਜਾਂਚ ਦੇ ਨਿਰਦੇਸ਼ ਦਿੱਤੇ ਸਨ।

ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਦੇਰ ਰਾਤ ਪੁਲਸ ਨੇ ਧਾਰਾ 406, 420, 24 ਇਮੀਗ੍ਰੇਸ਼ਨ ਐਕਟ ਅਤੇ 13 ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ।
ਪੀੜਤਾਂ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੁਲਜ਼ਮ ਸੰਜੇ ਸ਼ਰਮਾ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਸਲ 'ਚ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਹੀ ਕਰਦੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨਾਲ ਉਨ੍ਹਾਂ ਦੀ ਸਿੱਧੀ ਸੈਟਿੰਗ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਵੀਜ਼ਾ ਮਿਲਣ 'ਚ ਸਹਾਇਤਾ ਮਿਲੇਗੀ।

ਹਾਲ ਹੀ 'ਚ ਦਰਜ ਹੋਇਆ ਸੀ 4.5 ਕਰੋੜ ਦੀ ਠੱਗੀ ਦਾ ਮਾਮਲਾ
ਮਾਡਲ ਟਾਊਨ ਦੇ ਮਸ਼ਹੂਰ ਸੰਜੇ ਕਰਾਟੇ ਦੇ ਮਾਲਕ ਸੰਜੇ ਸ਼ਰਮਾ ਖ਼ਿਲਾਫ਼ ਥਾਣਾ ਨੰਬਰ 6 'ਚ 10 ਜੁਲਾਈ ਨੂੰ ਲਗਭਗ ਸਾਢੇ 4 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਿੱਲੀ ਦੇ ਟਰਾਂਸਪੋਰਟਰ ਸੁਖਵਿੰਦਰ ਸਿੰਘ ਬਾਜਵਾ ਨੇ ਸੰਜੇ ਸ਼ਰਮਾ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਨਾਲ ਦਸੰਬਰ 2018 'ਚ 16 ਮਰਲੇ ਜ਼ਮੀਨ ਦਾ ਲਗਭਗ 7 ਕਰੋੜ ਦਾ ਸੌਦਾ ਕੀਤਾ ਸੀ। ਸੁਖਵਿੰਦਰ ਨੇ ਦੱਸਿਆ ਕਿ ਸ਼ਹਿਰ ਦੇ ਨਾਮੀ ਲੋਕਾਂ ਵਿਚਾਲੇ ਪ੍ਰਾਪਰਟੀ ਦੀ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਦੇ ਸਾਹਮਣੇ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਸੀ। ਦੋਸ਼ ਲੱਗੇ ਸਨ ਕਿ 2 ਕਰੋੜ 75 ਲੱਖ ਰੁਪਏ ਕੈਸ਼ ਅਤੇ ਲਗਭਗ 1 ਕਰੋੜ 75 ਲੱਖ ਰੁਪਏ ਬੈਂਕ ਅਕਾਊਂਟ 'ਚ ਟਰਾਂਸਫਰ ਕੀਤੇ ਗਏ ਸਨ। ਬਾਕੀ ਦੇ ਪੈਸੇ ਕੁਝ ਸਮੇਂ ਬਾਅਦ ਦੇਣਾ ਤੈਅ ਹੋਇਆ ਸੀ ਪਰ ਬਾਅਦ 'ਚ ਮੁਲਜ਼ਮ ਨੇ ਧੋਖੇ ਦੀ ਨੀਅਤ ਨਾਲ ਨਾ ਹੀ ਪੈਸੇ ਵਾਪਸ ਕੀਤੇ ਸਨ ਅਤੇ ਪ੍ਰਾਪਰਟੀ ਦੀ ਰਜਿਸਟਰੀ ਕਰਨ ਤੋਂ ਵੀ ਮੁੱਕਰ ਗਿਆ ਸੀ। ਮਾਮਲੇ ਦੀ ਸਾਰੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸੀ। ਥਾਣਾ ਨੰਬਰ 6 ਦੀ ਪੁਲਸ ਨੇ ਧਾਰਾ 406, 420 ਅਤੇ 506 ਤਹਿਤ ਮਾਮਲਾ ਦਰਜ ਕੀਤਾ ਸੀ।


author

shivani attri

Content Editor

Related News