ਮੂੰਹ ’ਤੇ ਪਾਸਕ ਪਾ ਲਾੜਾ-ਲਾੜੀ ਨੇ ਲਏ ਫੇਰੇ, ਸਾਲੀਆਂ ਨੇ ਸੈਨੀਟਾਈਜਰ ਕਰਕੇ ਕੀਤਾ ਸਵਾਗਤ
Friday, Apr 17, 2020 - 05:37 PM (IST)
ਤਪਾ ਮੰਡੀ (ਸ਼ਾਮ,ਗਰਗ) - ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਕਾਰਨ ਪੂਰਾ ਦੇਸ਼ ਲਾਕਡਾਊਨ ਹੈ, ਜਿਸ ਕਾਰਨ ਸਾਰੇ ਕੰਮਕਾਜ ਠੱਪ ਪਏ ਹੋਏ ਹਨ। ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਡਲ ਟਾਊਨ ਦੇ ਨਿਵਾਸੀ ਰਾਜ ਕੁਮਾਰ ਭੈਣੀ ਵਾਲੇ ਆਪਣੇ ਪੁੱਤਰ ਭਰਤ ਗੋਇਲ ਨੂੰ ਵਿਆਹੁਣ ਲਈ ਸਿਰਫ 5 ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਪਿੰਡ ਪੱਖੋ ਕਲਾਂ ਵਿਖੇ ਪਹੁੰਚੇ। ਦੋਵਾਂ ਪਰਿਵਾਰਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੂੰਹ ’ਤੇ ਮਾਸਕ ਵੀ ਪਾਇਆ। ਵਿਆਹ ਦੇ ਇਸ ਮੌਕੇ ਲਾੜਾ-ਲਾੜੀ ਨੇ ਵੀ ਮਾਸਕ ਪਾਏ ਹੋਏ ਸਨ, ਜਿਨ੍ਹਾਂ ਦੇ ਸ਼ਾਸਤਰੀ ਜੀ ਨੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ 7 ਫੇਰੇ ਕਰਵਾ ਦਿੱਤੇ ਅਤੇ ਸਾਦੇ ਭੋਜਨ ਦਾ ਪ੍ਰਬੰਧ ਕੀਤਾ।
ਲਾੜੇ ਦੇ ਪਿਤਾ ਰਾਜ ਕੁਮਾਰ ਭੈਣੀ ਵਾਲੇ ਦਾ ਕਹਿਣਾ ਹੈ ਕਿ ਵਿਆਹ ‘ਚ ਲਾੜੇ ਦਾ ਭਰਾ-ਭਰਜਾਈ, ਮਾਤਾ-ਪਿਤਾ ਗਏ ਸਨ ਅਤੇ ਲਾੜੀ ਦੇ ਪਰਿਵਾਰ ਵਲੋਂ ਵੀ ਇਨ੍ਹੇ ਹੀ ਆਦਮੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਜਦ ਲਾੜਾ ਬਾਰਾਤ ਲੈ ਕੇ ਪਹੁੰਚਿਆਂ ਤਾਂ ਲਾੜੀ ਦੀਆਂ ਭੈਣਾਂ ਨੇ ਰੀਬਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਲਾੜੇ ਦੇ ਹੱਥਾਂ ਨੂੰ ਸੈਨੀਟਾਈਜਰ ਕਰਕੇ ਸਵਾਗਤ ਕੀਤਾ। ਇਸ ਵਿਸ਼ੇਸ਼ ਮੌਕੇ ’ਚੇ ਲਾੜਾ-ਲਾੜੀ ਨੇ ਕਿਹਾ ਕਿ ਲੋਕਾਂ ਨੂੰ ਕਰਜ਼ਿਆਂ ਦੀ ਪੰਡ ਹੇਠੋਂ ਤੋਂ ਨਿਕਲਣਾ ਚਾਹੀਦਾ ਹੈ ਤਾਂ ਕਰਫਿਊ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਵਿਆਹ ਕਰਨ, ਜਿਸ ਨਾਲ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਕਹਿਣ ’ਤੇ ਤੁਰੰਤ ਪ੍ਰਸ਼ਾਸਨ ਵਲੋਂ ਵਿਆਹ ਲਈ ਪਾਸ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਗੇ ਲਈ ਵੀ ਸਸਤੇ ਅਤੇ ਸਾਦੇ ਵਿਆਹ ਕਰਨ ਲਈ ਸਿੱਖਿਆ ਲੈਣੀ ਪਵੇਗੀ, ਜਿਸ ਨਾਲ ਸਮਾਜ ਟੈਨਸ਼ਨਾਂ ਤੇ ਕਰਜ਼ਾ ਮੁਕਤ ਹੋ ਸਕੇ। ਨਵਵਿਆਹੁਤਾ ਜੋੜੇ ਦਾ ਤਪਾ ਪੁੱਜਣ ’ਤੇ ਸੈਨੀਟਾਈਜਰ ਨਾਲ ਸਵਾਗਤ ਕੀਤਾ ਗਿਆ।