ਸੰਗਰੂਰ 'ਚ ਨਸ਼ੇ ਦੇ ਆਦੀ ਕਈ ਨੌਜਵਾਨ ਨਿਕਲੇ ਐੱਚ.ਆਈ.ਵੀ. ਪਾਜ਼ੀਟਿਵ
Sunday, Jul 07, 2019 - 02:52 PM (IST)
ਸੰਗਰੂਰ (ਵੈੱਬ ਡੈਸਕ) : ਸੰਗਰੂਰ 'ਚ ਨਸ਼ੇ ਦੇ ਆਦੀ ਕਈ ਨੌਜਵਾਨ ਐੱਚ. ਆਈ. ਵੀ. ਪਾਜ਼ੀਟਿਵ ਪੀੜਤ ਹਨ। ਇਕ ਰਿਪੋਰਟ ਮੁਤਾਬਕ, ਸੰਗਰੂਰ ਵਿਚ 12ਵੀਂ ਵਿਚ ਪੜ੍ਹਦੇ ਨਸ਼ੇ ਦੇ ਆਦੀ ਕੁੱਝ ਨੌਜਵਾਨਾਂ ਵੱਲੋਂ ਚਿੱਟੇ ਦਾ ਇੰਜੈਕਸ਼ਨ ਲਗਾਉਣ ਲਈ ਇਕ-ਦੂਜੇ ਦੀਆਂ ਸਰਿੰਜਾਂ ਦਾ ਇਸਤੇਮਾਲ ਕਰਨ ਨਾਲ ਉਨ੍ਹਾਂ 'ਚ ਇਹ ਬੀਮਾਰੀ ਹੋਈ ਹੈ। ਇਸ ਨਾਲ 7 ਨੌਜਵਾਨ ਪੀੜਤ ਦੱਸੇ ਜਾ ਰਹੇ ਹਨ, ਜਦੋਂ ਕਿ 4 ਨੌਜਵਾਨ 'ਹੈਪੇਟਾਈਟਸ-ਸੀ' ਨਾਲ ਪੀੜਤ ਹਨ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਐੈੱਸ.ਡੀ.ਐੈੱਮ. ਅਵਿਕੇਸ਼ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਆਸ-ਪਾਸ ਦੇ ਇਲਾਕੇ ਵਿਚ ਜਾ ਕੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਟੈਸਟ ਕਰਾਉਣ ਦੇ ਹੁਕਮ ਦਿੱਤੇ ਹਨ। ਪਿਛਲੇ 24 ਘੰਟਿਆਂ ਵਿਚ ਪ੍ਰਸ਼ਾਸਨਿਕ ਅਧਿਕਾਰਆਂ ਅਤੇ ਜ਼ਿਲਾ ਪੁਲਸ ਨੇ ਸੰਗਰੂਰ-ਬਰਨਾਲਾ ਰੋਡ 'ਤੇ ਆਰ.ਓ.ਬੀ. ਦੇ ਨੇੜਲੇ ਖੇਤਰ ਵਿਚ 18-23 ਸਾਲ ਦੇ 12 ਨਸ਼ੇ ਦੇ ਆਦੀ ਨੌਜਵਾਨਾਂ ਦਾ ਪਤਾ ਲਗਾਇਆ ਹੈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਾਇਆ ਗਿਆ ਹੈ।
ਇਨ੍ਹਾਂ ਵਿਚ 4 ਐੈੱਚ.ਆਈ.ਵੀ. ਪਾਜ਼ੀਟਿਵ ਅਤੇ ਹੈਪੇਟਾਈਟਸ-ਸੀ ਨਾਲ ਪੀੜਤ ਹਨ। 3 ਐੈੱਚ.ਆਈ.ਵੀ. ਪਾਜ਼ੀਟਿਵ ਹਨ ਅਤੇ 4 ਹੋਰ ਨੂੰ ਹੈਪੇਟਾਈਟਸ-ਸੀ ਹੈ। ਐੈੱਸ.ਡੀ.ਐੈੱਮ. ਗੁਪਤਾ ਦਾ ਕਹਿਣਾ ਹੈ ਕਿ ਸਾਡੀਆਂ ਵਿਸ਼ੇਸ਼ ਟੀਮਾਂ ਨੇ ਉਨ੍ਹਾਂ ਨੂੰ ਆਰ.ਓ.ਬੀ. ਨੇੜੇ ਘੁੰਮਦੇ ਹੋਏ ਦੇਖਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਅਸੀਂ ਉਨ੍ਹਾਂ ਨੂੰ ਇੱਥੇ ਦਾਖਲ ਕਰਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ, ਜਿਸ ਵਿਚ ਡਾਕਟਰਾਂ ਦੀਆਂ ਖਾਸ ਟੀਮਾਂ ਘਰ-ਘਰ ਜਾ ਕੇ ਸਰਵੇਖਣ ਕਰਨਗੀਆਂ ਅਤੇ ਨਾਲ ਹੀ ਮੈਡੀਕਲ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ 'ਚ ਕੋਈ ਨਸ਼ੇ ਦਾ ਆਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।