ਸੰਗਰੂਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੀਆਂ ਖਾਮੀਆਂ ਸਬੰਧੀ ਜਾਂਚ ਟੀਮ ਨੇ ਲਏ ਸੈਂਪਲ

Thursday, Apr 21, 2022 - 02:52 PM (IST)

ਸੰਗਰੂਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੀਆਂ ਖਾਮੀਆਂ ਸਬੰਧੀ ਜਾਂਚ ਟੀਮ ਨੇ ਲਏ ਸੈਂਪਲ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸੰਗਰੂਰ ਦੇ ਫੋਕਲ ਪੁਆਇੰਟ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਖਾਮੀਆਂ ਪਾਏ ਜਾਣ ਸਬੰਧੀ ਸਨਅਤਕਾਰਾਂ ਵੱਲੋਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਬੁੱਧਵਾਰ ਨੂੰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਟੀਮ ਨੇ ਜਿੱਥੇ ਵੱਖ-ਵੱਖ ਥਾਵਾਂ 'ਤੇ ਸੜਕ 'ਤੇ ਪੁੱਟੇ ਗਏ ਕੰਕਰੀਟ ਦੇ ਸੈਂਪਲ ਭਰੇ, ਉੱਥੇ ਇੰਟਰਲਾਕਿੰਗ ਟਾਈਲਾਂ ਦੇ ਵੀ ਸੈਂਪਲ ਭਰੇ ਗਏ। ਇਸ ਦੀ ਜਾਂਚ ਕਰਨ ਤੋਂ ਬਾਅਦ ਟੀਮ ਵੱਲੋਂ ਅਗਲੀ ਰਿਪੋਰਟ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਨੂੰ ਦਿੱਤੀ ਜਾਵੇਗੀ।

ਸਨਅਤਕਾਰਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਫੋਕਲ ਪੁਆਇੰਟ ਵਿੱਚ ਚੱਲ ਰਹੇ ਉਪਰੋਕਤ ਕੰਮ ਵਿੱਚ ਕਈ ਖਾਮੀਆਂ ਹਨ ਅਤੇ ਬਿਜਲੀ ਸਪਲਾਈ ਲਈ ਪਾਈ ਜਾ ਰਹੀ ਲਾਈਨ ਵਿੱਚ ਵੀ ਖਾਮੀਆਂ ਹਨ, ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਠੇਕੇਦਾਰ ਨੂੰ ਅਦਾਇਗੀ ਵੀ ਕੀਤੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਨਅਤਕਾਰ ਬਲਵਿੰਦਰ ਕੁਮਾਰ ਜਿੰਦਲ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ ਸੰਗਰੂਰ, ਵੇਦ ਗੁਪਤਾ, ਗੋਰਾ ਲਾਲ ਅਤੇ ਐੱਮ. ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਵੱਲੋਂ ਫੋਕਲ ਪੁਆਇੰਟ ਵਿਖੇ ਵਿਕਾਸ ਕਾਰਜਾਂ ਲਈ 9 ਕਰੋੜ ਰੁਪਏ ਲਗਭਗ ਟੈਂਡਰ ਜਾਰੀ ਕੀਤੇ ਗਏ ਸਨ। ਇਹ ਰਕਮ ਬਿਜਲੀ ਸਪਲਾਈ ਲਈ ਸੜਕਾਂ ਅਤੇ ਲਾਈਟਾਂ ਦੇ ਨਿਰਮਾਣ ਲਈ ਵਰਤੀ ਜਾਣੀ ਸੀ। ਇਹ ਕੰਮ 6 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਸਾਰੀਆਂ ਸੜਕਾਂ ਪੁੱਟ ਦਿੱਤੀਆਂ ਗਈਆਂ ਹਨ।

ਬਿਜਲੀ ਦੀਆਂ ਲਾਈਨਾਂ 36 ਇੰਚ ਦੀ ਡੂੰਘਾਈ 'ਤੇ ਪਾਈਆਂ ਜਾਣੀਆਂ ਸਨ ਪਰ ਇਹ 12-14 ਇੰਚ ਦੀ ਡੂੰਘਾਈ 'ਤੇ ਹੀ ਪਾਈਆਂ ਗਈਆਂ ਹਨ, ਜੋ ਸੜਕ ਦੇ ਨਿਰਮਾਣ ਸਮੇਂ ਡੂੰਘਾਈ ਘੱਟ ਹੋਣ ਦੇ ਕਾਰਨ ਥਾਂ-ਥਾਂ ਤੋਂ ਟੁੱਟ ਗਈਆਂ ਹਨ। ਸਨਅਤਕਾਰਾਂ ਨੇ ਇਸ ਬਾਰੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਦੀ ਸ਼ਿਕਾਇਤ ਕੀਤੀ ਸੀ। ਨਿਗਮ ਨੂੰ ਸ਼ਿਕਾਇਤ ਭੇਜ ਕੇ ਉਸਾਰੀ ਦੇ ਕੰਮ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਇਸ ਦੇ ਆਧਾਰ ’ਤੇ ਜੇਈ ਰਾਜਨ ਟੰਡ, ਐੱਸ. ਡੀ. ਓ. ਹਰਮਨਜੋਤ ਸਿੰਘ, ਇੰਜਨੀਅਰ ਵੀ. ਐੱਸ ਰੰਗਾ, ਇੰਜਨੀਅਰ ਸੌਰਵ ਮਿੱਤਲ ਜਾਂਚ ਕਰਨ ਪੁੱਜੇ। ਸਨਅਤਕਾਰਾਂ ਦੇ ਕਹਿਣ ’ਤੇ ਟੀਮ ਨੇ ਸੜਕ ’ਤੇ ਖੁਦਾਈ ਕਰਕੇ ਤਿੰਨ ਥਾਵਾਂ ’ਤੇ ਨਮੂਨੇ ਲਏ, ਜਿਸ ਵਿੱਚ ਨੌਂ ਇੰਚ ਦੇ ਸਮਾਨ ਦੇ ਉਲਟ ਦੋ ਥਾਵਾਂ ’ਤੇ ਸੱਤ-ਸੱਤ ਇੰਚ ਅਤੇ ਇੱਕ ਥਾਂ ’ਤੇ ਨੌਂ ਇੰਚ ਦਾ ਸਮਾਨ ਮਿਲਿਆ ਹੈ। ਠੇਕੇਦਾਰ ਦੇ ਕਹਿਣ ’ਤੇ ਤਿੰਨ ਥਾਵਾਂ ’ਤੇ ਦੁਬਾਰਾ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿੱਥੇ ਇੱਕ ਥਾਂ ’ਤੇ ਅੱਠ ਇੰਚ ਅਤੇ ਦੋ ਥਾਵਾਂ ’ਤੇ ਨੌਂ ਇੰਚ ਸਮੱਗਰੀ ਪਾਈ ਗਈ।

ਟੀਮ ਨੇ ਫਿਰ ਤਿੰਨ ਸੈਂਪਲ ਭਰੇ, ਜਿੱਥੇ ਕਿਤੇ ਵੀ ਨਮੂਨਿਆਂ ਵਿੱਚ ਨੁਕਸ ਪਾਏ ਗਏ। ਟੀਮ ਨੇ ਇੰਟਰਲਾਕਿੰਗ ਲਾਈਟਾਂ ਦੇ ਸੈਂਪਲ ਵੀ ਲਏ, ਜਿਸ ਤੋਂ ਬਾਅਦ ਟੀਮ ਵੱਲੋਂ ਉਨ੍ਹਾਂ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ। ਸਨਅਤਕਾਰ ਗੋਰਾ ਲਾਲ, ਨਵਦੀਪ ਗਰਗ, ਮਹਿੰਦਰਪਾਲ ਸਿੰਘ, ਸੁਰਿੰਦਰ ਕੁਮਾਰ, ਵਿਨੋਦ ਗੁਪਤਾ, ਸੌਰਵ ਸਿੰਗਲਾ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ 36 ਇੰਚ ਜ਼ਮੀਨ ਦੋਜ਼ ਹੋਣੀਆਂ ਸਨ, ਜਦੋਂ ਕਿ ਤਾਰਾਂ ਸਿਰਫ਼ 12-14 ਇੰਚ ਹੀ ਪਾਈਆਂ ਗਈਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਠੇਕੇਦਾਰ ਨੇ ਇਕਰਾਰਨਾਮੇ ਦੇ ਨਿਯਮਾਂ ਦੇ ਉਲਟ ਕੰਮ ਕੀਤਾ। ਇਸ ਦੇ ਬਾਵਜੂਦ ਅਜੇ ਤੱਕ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਬਿਜਲੀ ਦੀ ਸਪਲਾਈ ਦਾ ਠੇਕੇਦਾਰ ਆਪਣੀ ਪੂਰੀ ਰਕਮ ਵਾਸੂਲ ਕਰ ਚੁੱਕਾ ਹੈ। 6 ਮਹੀਨਿਆਂ ਤੋਂ ਵਿਕਾਸ ਕਾਰਜਾਂ ਦੇ ਨਾਂ ’ਤੇ ਸੜਕਾਂ ਪੁੱਟੀਆਂ ਗਈਆਂ ਹਨ, ਜਿਸ ਕਾਰਨ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਉਦਯੋਗਾਂ ਤੱਕ ਆਪਣਾ ਮਾਲ ਲਿਆਉਣਾ ਅਤੇ ਲਿਜਾਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਉਦਯੋਗਪਤੀ ਪਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕੰਮਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਬਿਜਲੀ ਲਾਈਨਾਂ ਦੀ ਵੀ ਜਾਂਚ ਕੀਤੀ ਜਾਵੇ। 


author

Babita

Content Editor

Related News