ਵੀਡੀਓ ਵਾਇਰਲ ਮਾਮਲਾ : ਸੰਗਰੂਰ ਜੇਲ ਸੁਪਰਡੈਂਟ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ
Sunday, Jan 12, 2020 - 10:46 AM (IST)
ਸੰਗਰੂਰ (ਬੇਦੀ,ਰਾਜੇਸ਼ ਕੋਹਲੀ) : ਸੰਗਰੂਰ ਦੀ ਜ਼ਿਲਾ ਜੇਲ ਵਿਚ ਬੰਦ ਕੈਦੀ ਵੱਲੋਂ ਜੇਲ ਸੁਪਰਡੈਂਟ 'ਤੇ ਗੰਭੀਰ ਦੋਸ਼ ਲਗਾਏ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਉਣ 'ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਨੂੰ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਜੇਲ੍ਹਾਂ ਸ੍ਰੀ ਆਰ. ਵੈਂਕਟਰਤਨਮ ਦੇ ਧਿਆਨ ਵਿਚ ਲਿਆਂਦਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਿੰਸੀਪਲ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ. ਡੀ. ਜੀ. ਪੀ ਜੇਲ੍ਹਾਂ ਪ੍ਰਵੀਨ ਸਿਨਹਾ ਨੇ ਜਿਥੇ ਮਾਮਲੇ ਸਬੰਧੀ ਐੱਸ. ਐੱਸ. ਪੀ. ਸੰਗਰੂਰ ਕੋਲੋਂ ਰਿਪੋਰਟ ਮੰਗੀ ਹੈ, ਉਥੇ ਹੀ ਕੈਦੀ ਵੱਲੋਂ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਆਈ. ਜੀ. ਜੇਲ੍ਹਾਂ ਨੂੰ ਪੜਤਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਿੰਸੀਪਲ ਸਕੱਤਰ ਵੱਲੋਂ ਦੱਸਿਆ ਗਿਆ ਹੈ ਕਿ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੰਗਰੂਰ ਜੇਲ ਵਿਚ ਬੰਦ ਕੈਦੀਆਂ ਨੇ ਇਕ ਵੀਡੀਓ ਵਾਇਰਲ ਕਰਕੇ ਦੋਸ਼ ਲਾਇਆ ਹੈ ਕਿ ਜੇਲ ਸੁਪਰੀਡੈਂਟ ਬਲਵਿੰਦਰ ਸਿੰਘ ਜੋ ਕਿ ਬਠਿੰਡਾ ਤੋਂ ਬਦਲ ਕੇ ਆਇਆ ਹੈ, ਉਨ੍ਹਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਹ ਪੈਸੇ ਦਿੰਦੇ ਹਨ ਤਾਂ ਹੀ ਉਨ੍ਹਾਂ ਨੂੰ ਚੱਕੀ 'ਚੋਂ ਕੱਢਿਆ ਜਾਵੇਗਾ। ਕੈਦੀ ਦਾ ਕਹਿਣਾ ਹੈ ਕਿ ਉਹ ਗਰੀਬ ਵਿਅਕਤੀ ਹੈ ਇੰਨੇ ਪੈਸੇ ਨਹੀਂ ਦੇ ਸਕਦਾ। ਕੈਦੀ ਨੇ ਦੋਸ਼ ਲਗਾਇਆ ਕਿ ਉਸ 'ਤੇ ਨਸ਼ਾ ਸਪਲਾਈ ਕਰਨ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਉਸ ਖਿਲਾਫ ਕੋਈ ਕਤਲ ਕੇਸ ਨਹੀਂ ਹੈ। ਇਕ ਛੋਟੇ ਜਿਹੇ ਝਗੜੇ ਦਾ ਕੇਸ ਹੈ। ਉਂਝ ਵਾਇਰਲ ਵੀਡੀਓ 4 ਜਨਵਰੀ ਦੀ ਦੱਸੀ ਜਾ ਰਹੀ ਹੈ।ਕੈਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੇਲ ਦੀ ਇਕ ਚੱਕੀ ਵਿਚ ਬੰਦ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।