30 ਸਾਲਾਂ ਦੀ ਕੁੜੀ ਕੱਦ ਸਿਰਫ ਸਵਾ 2 ਫੁੱਟ, ਨਹੀਂ ਬਣ ਰਿਹੈ ਆਧਾਰ ਕਾਰਡ (ਵੀਡੀਓ)
Sunday, Jan 19, 2020 - 11:21 AM (IST)
ਭਵਾਨੀਗੜ੍ਹ/ਸੰਗਰੂਰ (ਵਿਕਾਸ, ਰਾਜੇਸ਼) : ਦੇਸ਼ ਦੇ ਹਰੇਕ ਨਾਗਰਿਕ ਲਈ ਕੇਂਦਰ ਸਰਕਾਰ ਨੇ ਆਧਾਰ ਕਾਰਡ ਬਣਵਾਉਣਾ ਲਾਜ਼ਮੀ ਕਰ ਰੱਖਿਆ ਹੈ, ਉੱਥੇ ਹੀ ਦੂਜੇ ਪਾਸੇ ਭਵਾਨੀਗੜ੍ਹ ਬਲਾਕ ਦੇ ਪਿੰਡ ਬਾਲਦ ਕਲਾਂ ਦਾ ਇਕ ਮੱਧਵਰਗੀ ਕਿਸਾਨ ਪਰਿਵਾਰ ਆਪਣੀ 30 ਸਾਲਾ ਅਪਾਹਜ ਲੜਕੀ ਲਈ ਆਧਾਰ ਕਾਰਡ ਬਣਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਇਸ ਸਬੰਧੀ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਇਕ ਬੇਟੇ ਅਤੇ ਚਾਰ ਬੇਟੀਆਂ 'ਚੋਂ ਸਭ ਤੋਂ ਵੱਡੀ ਬੱਬੂ ਬੋਲਣ ਅਤੇ ਚੱਲਣ ਫਿਰਨ ਤੋਂ ਪੂਰੀ ਤਰ੍ਹਾਂ ਨਾਲ ਅਸਮਰਥ ਮੰਜੇ 'ਤੇ ਹੀ ਪਈ ਹੈ। ਉਨ੍ਹਾਂ ਦੱਸਿਆ ਕਿ ਉਸਦੀ ਲੜਕੀ ਦੀ ਉਮਰ ਤਾਂ ਵਧ ਗਈ ਪਰ ਕੱਦ ਸਵਾ ਦੋ ਫੁੱਟ ਤੋਂ ਜ਼ਿਆਦਾ ਨਹੀਂ ਵਧ ਸਕਿਆ। ਜਦੋਂਕਿ ਉਸਦੇ ਬਾਕੀ ਸਾਰੇ ਭੈਣ-ਭਰਾ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਆਧਾਰ ਕਾਰਡ ਬਣਾਉਣ ਵਾਲੇ ਕਰਮਚਾਰੀਆਂ ਨੇ ਬੱਬੂ ਦਾ ਆਧਾਰ ਕਾਰਡ ਬਣਾਉਣ ਤੋਂ ਹੀ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਅਪਾਹਜ ਸੀ। ਆਧਾਰ ਕਾਰਡ ਬਣਾਉਣ ਲਈ ਬਲਦੇਵ ਸਿੰਘ ਆਪਣੀ ਅਪਾਹਜ ਲੜਕੀ ਬੱਬੂ ਨੂੰ ਲੈ ਕੇ ਕਈ ਵਾਰ ਵੱਖ-ਵੱਖ ਦਫਤਰਾਂ ਵਿਚ ਧੱਕੇ ਖਾਂਦਾ ਰਿਹਾ ਪਰ ਹੁਣ ਤੱਕ ਉਸਦੀ ਲੜਕੀ ਦਾ ਆਧਾਰ ਕਾਰਡ ਨਹੀਂ ਬਣ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾ ਹੋਣ ਕਰ ਕੇ ਬੱਬੂ ਨੂੰ ਸਰਕਾਰੀ ਸਹੂਲਤਾਂ ਅਤੇ ਹੋਰ ਭਲਾਈ ਸਕੀਮਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ।
ਲੜਕੀ ਦਾ ਆਧਾਰ ਕਾਰਡ ਤੁਰੰਤ ਬਣਾ ਕੇ ਦੇਵੇ ਪ੍ਰਸ਼ਾਸਨ : ਸਮਾਜ ਸੇਵਕ
ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਨਾਤਨ ਧਰਮ ਪੰਜਾਬ ਮਹਾਵੀਰ ਦੇ ਸਰਪ੍ਰਸਤ ਵਰਿੰਦਰ ਸਿੰਗਲਾ ਤੇ ਪ੍ਰਧਾਨ ਵਿਨੋਦ ਸਿੰਗਲਾ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਲਈ ਹੁਣ ਆਧਾਰ ਕਾਰਡ ਨੂੰ ਹੀ ਵਿਅਕਤੀ ਦੀ ਪਛਾਣ ਬਣਾ ਦਿੱਤਾ ਹੈ ਤਾਂ ਅਜਿਹੇ ਵਿਚ ਇਕ ਅਪਾਹਜ ਲੜਕੀ ਨਾਲ ਅਪਣਾਇਆ ਜਾ ਰਿਹਾ ਇਹ ਰਵੱਈਆ ਲੋਕਾਂ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਾਮਲੇ 'ਚ ਬਿਨਾਂ ਦੇਰੀ ਕੀਤੇ ਦਖਲ ਦੇ ਕੇ ਬੱਬੂ ਦਾ ਆਧਾਰ ਕਾਰਡ ਤੁਰੰਤ ਜਾਰੀ ਕਰਨ ਅਤੇ ਸਰਕਾਰੀ ਸਹੂਲਤਾਂ ਜਾ ਸਕੀਮਾਂ ਦਾ ਲਾਭ ਦੇਣ ਦੀ ਮੰਗ ਕੀਤੀ ਹੈ।
ਬੱਬੂ ਦਾ ਆਧਾਰ ਕਾਰਡ ਬਣੇਗਾ : ਸਿੱਧੂ
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਮਾਮਲਾ ਤੁਹਾਡੇ ਰਾਹੀਂ ਮੇਰੇ ਧਿਆਨ 'ਚ ਆਇਆ ਹੈ। ਆਧਾਰ ਕਾਰਡ ਬਣਾਉਣਾ ਹਰੇਕ ਵਿਅਕਤੀ ਦਾ ਹੱਕ ਹੈ ਭਾਵੇਂ ਉਹ ਅਪਾਹਜ ਹੀ ਕਿਉਂ ਨਾ ਹੋਵੇ। ਅਪਾਹਜ ਲੜਕੀ ਬੱਬੂ ਦਾ ਆਧਾਰ ਕਾਰਡ ਜ਼ਰੂਰ ਬਣੇਗਾ। ਇਸ ਸਬੰਧੀ ਉਸਦੇ ਕਾਗਜ਼ ਪੱਤਰ ਮੰਗਵਾ ਕੇ ਚੈੱਕ ਕੀਤੇ ਜਾਣਗੇ।