ਸੰਗਰੂਰ ਮੁਕੰਮਲ ਬੰਦ, ਕਰਫਿਊ ਵਰਗਾ ਮਾਹੌਲ
Wednesday, Jun 12, 2019 - 12:32 PM (IST)
ਸੰਗਰੂਰ (ਦਿਲਜੀਤ, ਯਾਦਵਿੰਦਰ) : ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨ ਪੁਰਾ ਵਿਖੇ ਦੋ ਸਾਲਾ ਫਤਿਹਵੀਰ ਸਿੰਘ ਦੀ ਹੋਈ ਮੌਤ ਤੋਂ ਬਾਅਦ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਸੰਗਰੂਰ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਬਾਜ਼ਾਰਾਂ 'ਚ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਹਿਰ ਅੰਦਰ ਕਰਫਿਊ ਵਰਗਾ ਮਾਹੌਲ ਬਣਿਆ ਹੋਇਆ ਹੈ। ਅੱਜ ਸਵੇਰ ਤੋਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਕੀਤੀ ਹੜਤਾਲ ਨੂੰ ਲੈ ਕੇ ਜੱਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਬਾਜ਼ਾਰਾਂ ਅੰਦਰ ਰੋਸ ਮਾਰਚ ਕਰਦੇ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ। ਸ਼ਹਿਰ ਦੇ ਸਦਰ ਬਾਜ਼ਾਰ, ਛੋਟਾ ਚੌਂਕ, ਵੱਡਾ ਚੌਂਕ, ਪਟਿਆਲਾ ਚੌਂਕ, ਭਗਤ ਸਿੰਘ ਚੌਂਕ, ਸੁਨਾਮੀ ਗੇਟ ਬਾਜ਼ਾਰ, ਗਊਸ਼ਾਲਾ ਰੋਡ, ਕੋਲਾ ਪਾਰਕ ਮਾਰਕਿਟ, ਸਬਜ਼ੀ ਮੰਡੀ ਰੋਡ, ਬਰਨਾਲਾ ਚੌਂਕ ਅਤੇ ਲਾਈਟਾਂ ਵਾਲੇ ਚੌਂਕ ਸਣੇ ਸਾਰੇ ਬਾਜ਼ਾਰਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਪੁਲਸ ਦੀਆਂ ਵੱਖ-ਵੱਖ ਟੀਮਾਂ ਵਲੋਂ ਸ਼ਹਿਰ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਵੀ ਜਗ੍ਹਾਂ 'ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੂਤਰਾਂ ਅਨੁਸਾਰ ਮਾਸੂਮ ਫਤਿਹਵੀਰ ਸਿੰਘ ਦੀ ਮੌਤ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰਦਿਆਂ ਬੁੱਧਵਾਰ ਸਵੇਰੇ ਵੱਖ-ਵੱਖ ਜੱਥੇਬੰਦੀਆਂ ਦੇ ਕਾਰਕੁੰਨਾਂ ਦੇ ਡਿਪਟੀ ਕਮਿਸ਼ਨਰ ਘਣਸ਼ਿਆਂ ਥੋਰੀ ਦੀ ਰਿਹਾਇਸ਼ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਦੱਸ ਦਈਏ ਕਿ ਬੱਚੇ ਨੂੰ ਨਾ ਬਚਾਅ ਸਕਣ ਕਾਰਨ ਸਥਾਨਕ ਲੋਕਾਂ 'ਚ ਬੇਹੱਦ ਗੁੱਸਾ ਹੈ ਅਤੇ ਬੀਤੇ ਦਿਨਾਂ ਤੋਂ ਹੀ ਜ਼ਿਲੇ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਨੇ ਸੁਰੱਖਿਆ ਪ੍ਰਬੰਧ ਕਰ ਲਏ ਹਨ ਅਤੇ ਡੀ. ਸੀ. ਦੇ ਘਰ ਅਤੇ ਦਫਤਰ 'ਤੇ ਵੀ ਸੁਰੱਖਿਆ ਵਿਵਸਥਾ ਸਖਤ ਕੀਤੀ ਗਈ ਹੈ।