ਜ਼ਿਮਨੀ ਚੋਣ : ਮੱਠੀ ਵੋਟਿੰਗ ਕਾਰਨ ਸੁੰਨੇ ਦਿਖੇ ਪੋਲਿੰਗ ਬੂਥ, ਦੁਪਹਿਰ 3 ਵਜੇ ਤੱਕ ਸਿਰਫ 29.07 ਫ਼ੀਸਦੀ ਵੋਟਿੰਗ

06/23/2022 4:20:54 PM

ਭਵਾਨੀਗੜ੍ਹ (ਵਿਕਾਸ) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਮੈਦਾਨ 'ਚ ਨਿੱਤਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਤੋਂ ਲੈ ਕੇ ਅਖੀਰਲੇ ਪੜਾਅ ਤੱਕ ਆਪਣੇ ਚੋਣ ਪ੍ਰਚਾਰ ਨੂੰ ਭਖਾਈ ਰੱਖਿਆ। ਇਸ ਸਭ ਦੇ ਉਲਟ ਵੀਰਵਾਰ ਨੂੰ ਹਲਕੇ ਦੇ ਲੋਕਾਂ 'ਚ ਵੋਟਿੰਗ ਨੂੰ ਲੈ ਉਤਸ਼ਾਹ ਉਮੀਦ ਤੋਂ ਵੀ ਘੱਟ ਦੇਖਣ ਨੂੰ ਮਿਲਿਆ। ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਫ਼ੀਸਦੀ 29.07 ਫ਼ੀਸਦੀ ਰਹੀ। ਭਵਾਨੀਗੜ੍ਹ ਸ਼ਹਿਰ ਜਾਂ ਬਲਾਕ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਦੌਰਾ ਕਰਨ 'ਤੇ ਦੇਖਣ ਨੂੰ ਮਿਲਿਆ ਕਿ ਕਈ ਥਾਵਾਂ 'ਤੇ ਪੋਲਿੰਗ ਬੂਥ ਸੁੰਨੇ ਪਏ ਸਨ ਅਤੇ ਘੱਟ ਗਿਣਤੀ ’ਚ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਸਨ, ਜਦੋਂ ਕਿ ਆਮ ਤੌਰ 'ਤੇ ਵੋਟ ਪਾਉਣ ਦੇ ਲਈ ਉਤਸ਼ਾਹਿਤ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾਂਦੀਆਂ ਰਹੀਆਂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੱਕ ਸ਼ਹਿਰ 'ਚ ਪੁੱਜੇਗਾ 'ਮਾਨਸੂਨ'

ਇਸ ਦੌਰਾਨ ਦਿਲਚਸਪ ਗੱਲ ਦੇਖਣ ਨੂੰ ਮਿਲੀ ਕਿ ਬਲਾਕ ਦੇ ਸਭ ਤੋਂ ਵੱਡੇ ਅਤੇ 'ਆਪ' ਵੱਲੋਂ ਚੋਣ ਲੜ ਰਹੇ ਘਰਾਚੋਂ ਦੇ ਮੌਜੂਦਾ ਸਰਪੰਚ ਗੁਰਮੇਲ ਸਿੰਘ ਦੇ ਪਿੰਡ ਘਰਾਚੋਂ ਵਿਖੇ 'ਆਪ' ਅਤੇ ਅਕਾਲੀ ਦਲ ਅੰਮ੍ਰਿਤਸਰ ਤੋਂ ਬਿਨਾਂ ਦੂਜੀਆਂ ਪਾਰਟੀਆਂ ਦੇ ਪੋਲਿੰਗ ਬੂਥ ਤੱਕ ਦੇਖਣ ਨੂੰ ਨਹੀਂ ਮਿਲੇ। ਪਿੰਡ ਮਹਿਸਮਪੁਰ ਵਿੱਚ ਤਾਂ ਕਿਸੇ ਵੀ ਸਿਆਸੀ ਪਾਰਟੀ ਦਾ ਬੂਥ ਤੱਕ ਲੱਗਿਆ ਦਿਖਾਈ ਨਹੀਂ ਦਿੱਤਾ, ਹਾਲਾਂਕਿ ਪੋਲਿੰਗ ਸ਼ਟੇਸ਼ਨ ਅੰਦਰ 'ਆਪ', ਭਾਜਪਾ ਤੇ ਅਕਾਲੀ ਦਲ (ਅ) ਦੇ ਪੋਲਿੰਗ ਏਜੰਟ ਜ਼ਰੂਰ ਮੌਜੂਦ ਸਨ ਪਰ ਪਿਛਲੇ ਸਮੇਂ ਦੌਰਾਨ ਸੱਤਾ 'ਚ ਰਹੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦਾ ਕੋਈ ਵੀ ਏਜੰਟ ਹਾਜ਼ਰ ਨਹੀਂ ਸੀ। ਪਿੰਡ ਸਕਰੌਦੀ 'ਚ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਇਸ ਵਾਰ ਵੀ ਸਿਆਸੀ ਪਾਰਟੀਆਂ ਦਾ ਇੱਕ ਸਾਂਝਾ ਬੂਥ ਲਗਾਇਆ ਗਿਆ।

ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਇਸ ਸਾਬਕਾ ਮੰਤਰੀ ਖ਼ਿਲਾਫ਼ ਕਾਰਵਾਈ ਦੀ ਤਿਆਰੀ, ਵੱਡੇ ਘਪਲੇ 'ਚ ਸਾਹਮਣੇ ਆਇਆ ਨਾਂ

ਜ਼ਿਕਰਯੋਗ ਹੈ ਕਿ ਜੇਕਰ ਸੰਗਰੂਰ ਜ਼ਿਮਨੀ ਚੋਣ ਵਿੱਚ ਪ੍ਰਚਾਰ ਦੀ ਗੱਲ ਕਰੀਏ ਤਾਂ 'ਆਪ' ਦਾ ਚੋਣ ਪ੍ਰਚਾਰ ਸਿਖ਼ਰਾਂ 'ਤੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਦੇ ਹੱਕ 'ਚ ਹਲਕੇ ਅੰਦਰ ਤਾਬੜਤੋੜ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੀਤੇ ਅਤੇ ਕੈਬਨਿਟ ਮੰਤਰੀ ਤੇ ਵਿਧਾਇਕ ਵੱਲੋਂ ਵੀ ਦੱਬ ਕੇ ਚੋਣ ਪ੍ਰਚਾਰ ਭਖਾਈ ਰੱਖਿਆ। ਅਖ਼ੀਰਲੇ ਦਿਨਾਂ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਹਲਕੇ 'ਚ ਪ੍ਰਚਾਰ ਕੀਤਾ ਤੇ ਲੋਕਾਂ ਦਾ ਪਿਆਰ ਕਬੂਲਿਆ, ਉੱਥੇ ਹੀ ਭਾਜਪਾ ਵੱਲੋਂ ਕੇਂਦਰੀ ਲੀਡਰਸ਼ਿਪ ਸਮੇਤ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਕੱਦਾਵਰ ਆਗੂ ਵੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ 'ਚ ਡਟੇ ਰਹੇ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੀ ਜ਼ਿਆਦਾਤਰ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਹਲਕੇ 'ਚ ਰੋਡ ਸ਼ੋਅ ਤੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਚੋਣ ਪ੍ਰਚਾਰ ਭਖਾ ਕੇ ਰੱਖਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News