ਭਗਵੰਤ ਮਾਨ ਨੇ ਦੱਸਿਆ ਟਕਸਾਲੀਆਂ ਨਾਲ ਗਠਜੋੜ 'ਚ ਕਿਉਂ ਹੋ ਰਹੀ ਹੈ ਦੇਰੀ
Saturday, Mar 09, 2019 - 02:18 PM (IST)

ਸੰਗਰੂਰ(ਰਾਜੇਸ਼)— ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਵਿਚ ਹੋ ਰਹੀ ਦੇਰੀ 'ਤੇ ਬੋਲਦੇ ਹੋਏ ਕਿਹਾ ਕਿ ਸਾਡੀ ਬਸਪਾ ਅਤੇ ਇਕ-ਦੋ ਹੋਰ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ, ਜਿਸ ਕਾਰਨ ਗਠਜੋੜ ਦਾ ਐਲਾਨ ਕਰਨ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ-ਦੋ ਦਿਨ ਵਿਚ ਅਸੀਂ ਸਪਸ਼ਟ ਕਰ ਦੇਵਾਂਗੇ।
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਸੰਗਰੂਰ ਦੇ ਲੋਕ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਦੇਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣਾ 5 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿਚ ਜਵਾਂਗਾ। ਇਸ ਮੌਕੇ ਜਦੋਂ ਮਾਨ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਨਾ ਤਾਂ ਕਿਸੇ ਦਾ ਕਰਜ਼ਾ ਮੁਆਫ ਹੋਇਆ, ਨਾ ਕਿਸੇ ਦੀ 2500 ਰੁਪਏ ਬੁਢਾਪਾ ਪੈਨਸ਼ਨ ਲਗਾਈ, ਨਾ ਹੀ ਘਰ-ਘਰ ਨੌਕਰੀ ਦਿੱਤੀ, ਨਾ 51 ਹਜ਼ਾਰ ਰੁਪਏ ਸ਼ਗਨ ਕੀਤਾ ਅਤੇ ਨਾ ਹੀ ਸਮਾਰਟ ਫੋਨ ਵੰਡੇ। ਉਨ੍ਹਾਂ ਕਿਹਾ ਕਿ ਸਿਰਫ ਕੰਧਾਂ 'ਤੇ ਲਿੱਖ ਕੇ ਹੀ ਵਿਕਾਸ ਕਰ ਦਿੱਤਾ ਹੈ। ਇਸ ਲਈ ਹੁਣ ਕੰਧਾਂ 'ਤੇ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਦੀ ਜਗ੍ਹਾ 'ਤੇ 'ਪਛਤਾਉਂਦਾ ਹੈ ਪੰਜਾਬ' ਲਿਖਣਾ ਪਏਗਾ।
ਅਕਾਲੀ ਦਲ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਫਰਤ ਦਾ ਪਾਤਰ ਬਣ ਗਿਆ ਹੈ। ਕਿਉਂਕਿ ਜੋ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਵਿਚ ਬਾਦਲਾਂ ਦਾ ਨਾਂ ਆਇਆ ਹੈ ਅਤੇ ਸਿੱਟ ਵੱਲੋਂ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਬੇਅਦਬੀ ਦੀ ਸਜ਼ਾ ਆਪ ਦੇਣਗੇ।