ਸੰਗਰੂਰ ਬਣਨ ਲੱਗਾ ਅੰਦੋਲਨਾਂ ਦੀ ਰਾਜਧਾਨੀ, ਜ਼ਿਮਨੀ ਚੋਣ ਕਾਰਨ ਸੰਗਠਨ ਕੂਚ ਕਰਨ ਲੱਗੇ
Monday, May 30, 2022 - 01:07 PM (IST)
ਜਲੰਧਰ (ਨਰਿੰਦਰ ਮੋਹਨ)- ਪੰਜਾਬ ਦਾ ਜ਼ਿਲ੍ਹਾ ਸੰਗਰੂਰ ਅੰਦੋਲਨਾਂ ਦੀ ਰਾਜਧਾਨੀ ਬਣ ਰਿਹਾ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਐਲਾਨ ਉਪਰੰਤ ਅੰਦੋਲਨਕਾਰੀ ਸੰਗਠਨਾਂ ਨੇ ਵੀ ਸੰਗਰੂਰ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਭਰ ’ਚ ਚੱਲ ਰਹੇ ਅੰਦੋਲਨਾਂ ਨੂੰ ਵੇਖਦੇ ਹੋਏ ਸੂਬਾ ਇਕ ਵਾਰ ਫਿਰ ਦੇਸ਼ ਭਰ ’ਚ ਰੋਸ ਮਾਰਚ ਅਤੇ ਅੰਦੋਲਨਾਂ ਦੇ ਮਾਮਲੇ ਵਿਚ ਸਿਖ਼ਰ ਵੱਲ ਵਧਣ ਲੱਗਾ ਹੈ। ਬੀਤੇ ਚੋਣ ਸਾਲ ਤੱਕ ਪੰਜਾਬ ’ਚ ਪ੍ਰਤੀ ਦਿਨ 38 ਅੰਦੋਲਨ ਅਤੇ ਪ੍ਰਦਰਸ਼ਨ ਰਿਕਾਰਡ ਕੀਤੇ ਗਏ ਸਨ। ਅਜੇ ਸਿਰਫ਼ ਜ਼ਿਲ੍ਹਾ ਸੰਗਰੂਰ ਵਿਚ ਇਕ ਦਰਜਨ ਅੰਦੋਲਨ ਅਤੇ ਪ੍ਰਦਰਸ਼ਨ ਚੱਲ ਰਹੇ ਹਨ, ਜਿਨ੍ਹਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਅਸਲ ਵਿਚ ਚੋਣਾ ਤੋਂ ਪਹਿਲਾਂ ਨੇਤਾਵਾਂ ਵੱਲੋਂ ਬੇਰੋਜ਼ਗਾਰਾਂ, ਕੱਚੇ ਕਰਮਚਾਰੀਆਂ, ਕਿਸਾਨਾਂ, ਵਿਦਿਆਰਥੀ ਸੰਗਠਨਾਂ, ਮਜ਼ਦੂਰਾਂ ਆਦਿ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਅਤੇ ਜਦੋਂ ਅਜਿਹੇ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ ਤਾਂ ਅੰਦੋਲਨ ਹੋਣ ਲੱਗਦੇ ਹਨ। ਸਾਲ 2010 ’ਚ 2452 ਅੰਦੋਲਨ ਅਤੇ ਰੋਸ ਪ੍ਰਦਰਸ਼ਨਾਂ ਵਾਲਾ ਪੰਜਾਬ 2020 ਸਾਲ ਤੱਕ 14000 ਤੋਂ ਵੀ ਜ਼ਿਆਦਾ ਰੋਸ ਪ੍ਰਦਰਸ਼ਨਾਂ ’ਤੇ ਜਾ ਪਹੁੰਚਿਆ। ਸਾਲ 2021 ਅੰਦੋਲਨਾਂ ਦਾ ਸਾਲ ਰਿਹਾ ਅਤੇ ਚੋਣ ਸਾਲ ਵੀ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਏ. ਸੀ. ਪੀ. ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ
ਕੇਂਦਰੀ ਗ੍ਰਹਿ ਵਿਭਾਗ ਵੱਲੋਂ ਅਜੇ ਤੱਕ ਸਾਲ 2021 ਦੇ ਵੱਖ-ਵੱਖ ਸੂਬਿਆਂ ’ਚ ਪ੍ਰਦਰਸ਼ਨਾਂ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਪਰ ਸਾਲ 2021 ਦੀ ਅੰਤਿਮ ਤਿਮਾਹੀ ਵਿਚ ਪੰਜਾਬ ’ਚ ਰੋਜ਼ਾਨਾ 38 ਅੰਦੋਲਨ ਹੋਏ। ਸਾਲ 2020 ਅਤੇ 2021 ’ਚ ਅੰਦੋਲਨਾਂ ਦੀ ਰਾਜਧਾਨੀ ਕ੍ਰਮਵਾਰ ਪਟਿਆਲਾ ਅਤੇ ਫਿਰ ਮੁੱਖ ਮੰਤਰੀ ਬਦਲਣ ਤੋਂ ਬਾਅਦ ਅੰਦੋਲਨਾਂ ਦਾ ਕੇਂਦਰ ਜ਼ਿਲਾ ਰੋਪੜ ਰਿਹਾ। ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਅੰਤਿਮ ਸਾਲ ਦੀ ਮਿਆਦ ਵਿਚ ਇਕ ਸਾਲ ’ਚ ਸਿਰਫ ਪਟਿਆਲਾ ’ਚ 1153 ਅੰਦੋਲਨ ਹੋਏ। ਹੁਣ ਅੰਦੋਲਨਾਂ ਦਾ ਕੇਂਦਰ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲਾ ਸੰਗਰੂਰ ਬਣ ਰਿਹਾ ਹੈ।
ਪੰਜਾਬ ਡਿਪੂ ਹੋਲਡਰ ਯੂਨੀਅਨ ਵੱਲੋਂ 1 ਜੂਨ ਤੋਂ ਸੰਗਰੂਰ ’ਚ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਬੇਰੋਜ਼ਗਾਰ ਕੋਰੋਨਾ ਜੋਧਾ, ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਇਕ ਦਿਨ ਪਹਿਲਾਂ ਹੀ ਸੰਗਰੂਰ ’ਚ ਜਾਮ ਲਾਇਆ ਗਿਆ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਅਤੇ ਵਿਧਾਇਕਾਂ ਦੇ ਮੀਮੋ ਦੇਣ ਦਾ ਕ੍ਰਮ ਜਾਰੀ ਰੱਖਿਆ ਹੋਇਆ ਹੈ ਅਤੇ 8, 9, 10 ਜੂਨ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਕਰਮਚਾਰੀ ਸੰਗਰੂਰ ਦਾ ਵੀ ਰੁਖ਼ ਕਰ ਸਕਦੇ ਹਨ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਜ਼ਿਲਾ ਸੰਗਰੂਰ ਦੀ ਮੰਡੀ ਤਪਾ ’ਚ ਆਊਟਸੋਰਸ ਸਿਹਤ ਕਰਮਚਾਰੀ 35 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਯੂਨੀਅਨ ਫੈੱਡਰੇਸ਼ਨ, ਆਂਗਣਵਾੜੀ ਕਰਮਚਾਰੀ, ਲਹਿਰਾਗਾਗਾ ’ਚ ਇੰਜੀਨੀਅਰਿੰਗ ਕਾਲਜ ਦੇ ਕਰਮਚਾਰੀਆਂ ਦਾ 149 ਦਿਨ ਤੋਂ ਚੱਲ ਰਿਹਾ ਧਰਨਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਅੰਦੋਲਨ ਤੇਜ਼ ਕਰਨ ਅਤੇ ਸੰਗਰੂਰ ’ਚ ਡੇਰੇ ਲਾਉਣ ਚਿਤਾਵਨੀ ਵੀ ਹੈ। ਕਿਸਾਨਾਂ ਦਾ ਅੰਦੋਲਨ ਅਤੇ ਧਰਨਾ ਕਦੋਂ ਲੱਗ ਜਾਵੇ, ਇਸਦਾ ਖਦਸ਼ਾ ਬਰਕਰਾਰ ਰਹਿੰਦਾ ਹੈ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਂ ’ਤੇ ਬਣਾਇਆ ਫੇਕ ਟਵਿੱਟਰ ਅਕਾਊਂਟ, ਸਾਈਬਲ ਸੈੱਲ ਕੋਲ ਪੁੱਜੀ ਸ਼ਿਕਾਇਤ
ਹਾਲਾਂਕਿ ਇਕ ਸਾਲ ਪਹਿਲਾਂ ਤੱਕ ਪੰਜਾਬ ਨੂੰ ‘ਸੁਸਾਈਡ ਜ਼ੋਨ’ ਕਿਹਾ ਜਾ ਰਿਹਾ ਹੈ। ਹੁਣ ਪੰਜ ਨਦੀਆਂ ਦੀ ਧਰਤੀ ਅੰਦੋਲਨ ਦੀ ਭੂਮੀ ’ਚ ਬਦਲ ਗਈ ਹੈ। ਗ੍ਰਹਿ ਮੰਤਰਾਲਾ ਦੀ ਰਿਪੋਰਟ ਅਨੁਸਾਰ, ਪੰਜਾਬ ਭਾਰਤ ਦੇ ਟਾਪ ਤਿੰਨ ਸੂਬਿਆਂ ’ਚ ਸ਼ੁਮਾਰ ਹੈ, ਜਿੱਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੁੰਦੇ ਹਨ । ਇਕੱਲੇ 2016 ਵਿਚ ਸੂਬੇ ਵਿਚ 11800 ਅੰਦੋਲਨ ਹੋਏ। ਅਰਥਾਤ ਰੋਜ਼ਾਨਾ 32 ਤੋਂ ਜ਼ਿਆਦਾ ਪ੍ਰਦਰਸ਼ਨ। ਜ਼ਿਆਦਾਤਰ ਪ੍ਰਦਰਸ਼ਨ ਕਰਮਚਾਰੀਆਂ ਵੱਲੋਂ ਕੀਤੇ ਗਏ। ਕੇਂਦਰੀ ਗ੍ਰਹਿ ਮੰਤਰਾਲਾ ਦੀ ਰਿਪੋਰਟ ਅਨੁਸਾਰ ਸਾਲ 2016 ਦੇ ਅੰਕੜਿਆਂ ਅਨੁਸਾਰ ਉਤਰਾਖੰਡ, ਤਾਮਿਲਨਾਡੂ ਤੋਂ ਬਾਅਦ ਪੰਜਾਬ ਅੰਦੋਲਨਾਂ ’ਚ ਤੀਸਰੇ ਨੰਬਰ ’ਤੇ ਰਿਹਾ। ਸਾਲ 2014 ਅਤੇ ਫਿਰ ਬਾਅਦ ’ਚ ਸਾਲ 2015 ’ਚ ਪੰਜਾਬ ਦੂਜੇ ਨੰਬਰ ’ਤੇ ਸੀ।
ਇਹ ਵੀ ਪੜ੍ਹੋ: ਫਗਵਾੜਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜੇ ਸੁੱਟੀ ਖ਼ੂਨ ਨਾਲ ਲੱਥਪਥ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ