ਵੀਡੀਓ 'ਚ ਦੇਖੋ ਕਿਸਾਨ ਦੀ ਕਲਾਕਾਰੀ, ਬਾਬੇ ਨਾਨਕ ਨੂੰ ਵੱਖਰੇ ਅੰਦਾਜ਼ 'ਚ ਕੀਤਾ ਯਾਦ
Monday, Nov 11, 2019 - 02:02 PM (IST)
ਸੰਗਰੂਰ (ਰਾਜੇਸ਼ ਕੋਹਲੀ) : ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਪਰ ਸੰਗਰੂਰ ਦੇ ਮੂਲੋਵਾਲ ਪਿੰਡ ਦੇ ਕਿਸਾਨ ਰਣਜੀਤ ਸਿੰਘ ਨੇ ਇਕ ਵੱਖਰੇ ਅੰਦਾਜ਼ ਵਿਚ ਆਪਣੀ ਇਸ ਖੁਸ਼ੀ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ।
ਦਰਅਸਲ ਕਿਸਾਨ ਰਣਜੀਤ ਸਿੰਘ ਨੇ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੇ ਖੇਤ ਵਿਚ ਟਰੈਕਟਰ ਨਾਲ '550 ਸਾਲ ਗੁਰੂ ਦੇ ਨਾਲ' ਲਿਖ ਕੇ ਬਾਬੇ ਨਾਨਕ ਨੂੰ ਯਾਦ ਕੀਤਾ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਨੇ ਸੋਚਿਆ ਕਿਉਂ ਨਾ ਇਕ ਵੱਖ ਅੰਦਾਜ ਵਿਚ ਬਾਬੇ ਨਾਨਕ ਨੂੰ ਯਾਦ ਕੀਤਾ ਜਾਵੇ, ਜਿਸ ਤੋਂ ਬਾਅਦ ਉਸਨੇ ਟਰੈਕਟਰ ਦੀ ਮਦਦ ਨਾਲ ਪਹਿਲਾਂ 550 ਸਾਲ ਲਿਖ ਕੇ ਦੇਖਿਆ। ਉਸ ਤੋਂ ਬਾਅਦ ਉਹ ਕੁੱਝ ਹੋਰ ਵੀ ਕਰਨਾ ਚਾਹੁੰਦਾ ਸੀ, ਫਿਰ ਉਸ ਨੇ ਆਪਣੇ ਸਾਥੀ ਲਖਬੀਰ ਸਿੰਘ ਦੀ ਮਦਦ ਲਈ। ਉਸ ਨੇ ਕਿਹਾ ਕਿ ਸਾਨੂੰ ਇਸ ਦੇ ਲਈ 2 ਏਕੜ ਤੋਂ ਜ਼ਿਆਦਾ ਜ਼ਮੀਨ ਚਾਹੀਦੀ ਹੈ, ਜਿਸ 'ਤੇ 550 ਸਾਲ ਗੁਰੂ ਦੇ ਨਾਲ ਲਿਖਿਆ ਜਾਵੇਗਾ।
ਉਸ ਦੇ ਬਾਅਦ ਉਨ੍ਹਾਂ ਨੇ ਆਪਣੇ ਟਰੈਕਟਰ ਦੀ ਮਦਦ ਨਾਲ ਗੁਰੂ ਸਾਹਿਬ ਦਾ ਸੁਨੇਹਾ ਲਿਖ ਦਿੱਤਾ ਅਤੇ ਇਸ ਦੀ ਇਕ ਵੀਡੀਓ ਵੀ ਸ਼ੂਟ ਕੀਤੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ। ਕਿਸਾਨ ਨੇ ਦੱਸਿਆ ਕਿ ਟਰੈਕਟਰ ਦੀ ਮਦਦ ਨਾਲ ਖੇਤ ਵਿਚ ਇਕ ਅੱਖਰ ਵੀ ਲਿਖਣਾ ਅਤੇ ਉਹ ਵੀ ਇੰਨਾ ਸੁੰਦਰ ਬੇਹੱਦ ਮੁਸ਼ਕਲ ਸੀ ਪਰ ਉਸ ਨੂੰ ਬਾਬਾ ਨਾਨਕ ਨੇ ਹਿੰਮਤ ਦਿੱਤੀ, ਜਿਸ ਤੋਂ ਬਾਅਦ ਉਸ ਨੇ ਸਿਰਫ਼ 15 ਤੋਂ 20 ਮਿੰਟ ਵਿਚ ਗੁਰੂ ਦਾ ਸੁਨੇਹਾ ਲਿਖ ਦਿੱਤਾ।