ਪੰਜਾਬ ਡੈਮੋਕ੍ਰੇਟਿਕ ਫਰੰਟ ਦੀ ਮੀਟਿੰਗ
Friday, Apr 05, 2019 - 04:00 AM (IST)

ਸੰਗਰੂਰ (ਬੇਦੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਤੇ ਚੋਣ ਪ੍ਰਚਾਰ ਬਾਰੇ ਤਿਆਰੀਆਂ ਕਾਰਨ ਪੰਜਾਬ ਡੈਮੋਕ੍ਰੇਟਿਕ ਫਰੰਟ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਂਝੇ ਤੌਰ ’ਤੇ ਚੋਣ ਲਡ਼ੀ ਜਾ ਰਹੀ ਹੈ ਤੇ ਫਰੰਟ ਵੱਲੋਂ ਚੋਣ ਮੁਹਿੰਮ ਸ਼ੁਰੂ ਕਰਦਿਆਂ ਅੱਜ ਸੰਗਰੂਰ ਵਿਖੇ ਆਪਣੀ ਪਹਿਲੀ ਮੀਟਿੰਗ ਕੀਤੀ ਗਈ, ਜਿਸ ’ਚ ਸਾਰੀਆਂ ਭਾਗੀਦਾਰ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਫਰੰਟ ਦੇ ਉਮੀਦਵਾਰ ਜੱਸੀ ਜਸਰਾਜ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਇਨਸਾਨੀਅਤ ਦੇ ਹੱਕਾਂ ਦੀ ਰਾਖੀ ਲਈ ਲਡ਼ਾਈ ਲਡ਼ ਰਹੀ ਹੈ ਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਨਾਲ ਨਾਲ ਨਸ਼ਿਆਂ ਦੇ ਫੈਲੇ ਜਾਲ ਨੂੰ ਖਤਮ ਕਰਨਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿੱਚ ਰਾਜਨੀਤਿਕ ਗਤੀਵਿਧੀਆਂ ਤੋਂ ਪਹਿਲਾਂ ਇਕ ਕਲਾਕਾਰ ਦੇ ਤੌਰ ’ਤੇ ਵੀ ਸਮਾਜ ’ਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅਤੇ ਜੇਕਰ ਜਨਤਾ ਉਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਦੀ ਹੈ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਅਸਲ ਲੋਕ ਨੁਮਾਇੰਦਾ ਕੌਣ ਹੁੰਦਾ ਹੈ ਅਤੇ ਸੋਨੇ ਤੇ ਪਿੱਤਲ ਵਿਚ ਕੀ ਫ਼ਰਕ ਹੁੰਦਾ ਹੈ। ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਆਮ ਆਦਮੀ ਪਾਰਟੀਆਂ ’ਚ ਵਿਖਾਇਆ ਸੀ, ਪਾਰਟੀ ਉਹ ਵਿਸ਼ਵਾਸ ਖੋ ਚੁੱਕੀ ਹੈ ਤੇ ਲੋਕ ਦਿੱਲੀ ਵਾਲਿਆਂ ਦੇ ਝੋਲੀਚੱਕ ਨੂੰ ਹੁਣ ਮੂੰਹ ਨਹੀਂ ਲਾਉਣਗੇ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਆਪਣਾ ਲੋਕ ਆਧਾਰ ਬਿਲਕੁਲ ਖੋ ਚੁੱਕੀ ਹੈ ਤੇ ਕਾਂਗਰਸ ਦੀ ਵਾਅਦਾਖਿਲਾਫੀ ਵੀ ਪੰਜਾਬ ਦੇ ਲੋਕਾਂ ਨੇ ਵੇਖ ਲਈ ਹੈ ਤੇ ਹੁਣ ਪੰਜਾਬ ਦੇ ਲੋਕਾਂ ਕੋਲ ਪੰਜਾਬ ਡੈਮੋਕ੍ਰੇਟਿਕ ਫਰੰਟ ਇਕ ਸੁਨਹਿਰੀ ਬਦਲ ਹੈ ਤੇ ਜੱਸੀ ਜਸਰਾਜ ਸੰਗਰੂਰ ਦੇ ਲੋਕਾਂ ਲਈ ਇਕ ਨਵੀਂ ਉਮੀਦ ਬਣ ਕੇ ਆਇਆ ਹੈ । ਇਸ ਸਮੇਂ ਹਰਪ੍ਰੀਤ ਸਿੰਘ ਬਾਜਵਾ ਜ਼ਿਲਾ ਪ੍ਰਧਾਨ, ਜਸਵੰਤ ਸਿੰਘ ਗੱਜਣਮਾਜਰਾ, ਗੁਰਸੇਵਕ ਸਿੰਘ ਗੁਰਾਇਆ, ਸ਼ੇਰ ਸਿੰਘ ਤੋਲਾਵਾਲ, ਚਮਕੌਰ ਸਿੰਘ, ਰਾਜ ਸਿੰਘ ਖਾਲਸਾ, ਸੁਖਦੇਵ ਸ਼ਰਮਾ, ਅਜਮੇਰ ਸਿੰਘ, ਮਹਿਲ ਕਲਾਂ, ਕਿਰਨਜੀਤ ਸਿੰਘ ਸੇਖੋਂ, ਲਾਲਇੰਦਰ ਸਿੰਘ ਗਰੇਵਾਲ, ਰਾਜੂ ਕੁਠਾਲਾ ਆਦਿ ਹਾਜ਼ਰ ਸਨ ।