ਸਡ਼ਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ : ਟ੍ਰੈਫਿਕ ਇੰਚਾਰਜ

Saturday, Mar 16, 2019 - 04:16 AM (IST)

ਸਡ਼ਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ : ਟ੍ਰੈਫਿਕ ਇੰਚਾਰਜ
ਸੰਗਰੂਰ (ਜੈਨ)- ਜ਼ਿਆਦਾਤਰ ਸਡ਼ਕ ਹਾਦਸੇ ਮਨੁੱਖੀ ਗਲਤੀਆਂ ਦਾ ਨਤੀਜਾ ਹੁੰਦੇ ਹਨ ਅਤੇ ਜੇਕਰ ਥੋਡ਼੍ਹੀ ਜਿਹੀ ਸਾਵਧਾਨੀ ਵਰਤਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਇਹ ਵਿਚਾਰ ਟ੍ਰੈਫਿਕ ਇੰਚਾਰਜ ਧੂਰੀ ਅਸ਼ੋਕ ਕੁਮਾਰ ਏ.ਐੱਸ.ਆਈ. ਨੇ ਅੱਜ ਸਥਾਨਕ ਟਰੱਕ ਯੂਨੀਅਨ ਦੇ ਦਫਤਰ ਵਿਖੇ ਆਯੋਜਿਤ ਕੀਤੇ ਇਕ ਸੈਮੀਨਾਰ ਦੌਰਾਨ ਮੌਜੂਦ ਟਰੱਕ ਚਾਲਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਜ਼ਿਲਾ ਪੁਲਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦੇ ਨਿਰੇਦਸ਼ਾਂ ’ਤੇ ਲਾਇਆ ਗਿਆ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਹੀ ਉਹ ਅੱਜ ਇੱਥੇ ਆਏ ਹਨ। ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਸਹੀ ਢੰਗ ਨਾਲ ਤੈਅ ਮਾਪਦੰਡਾਂ ਮੁਤਾਬਕ ਹੀ ਵਾਹਨਾਂ ਉੱਪਰ ਨੰਬਰ ਪਲੇਟ ਲਾਉਣ, ਪ੍ਰੈਸ਼ਰ ਹਾਰਨ ਦਾ ਇਸਤੇਮਾਲ ਨਾ ਕਰਨ, ਸੀਟ ਬੈਲਟ ਲਾ ਕੇ ਹੀ ਚਾਰ-ਪਹੀਆ ਵਾਹਨ ਚਲਾਉਣ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸੈਮੀਨਾਰ ਦੌਰਾਨ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਰਾਏ ਪ੍ਰਧਾਨ, ਹੈੱਡ ਕਾਂਸਟੇਬਲ ਮਿੱਠੂ ਸਿੰਘ, ਹੈੱਡ ਕਾਂਸਟੇਬਲ ਹਰਦੇਵ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਸੰਗਰੂਰ ਨੇ ਵੀ ਆਪਣੇ ਵਿਚਾਰ ਰੱਖੇ।

Related News