ਕਰਜ਼ਾ-ਮੁਕਤੀ ਸੰਘਰਸ਼ ਦੀਆਂ ਤਿਆਰੀਆਂ ਸਿਖਰਾਂ ’ਤੇ
Sunday, Mar 10, 2019 - 04:11 AM (IST)
ਸੰਗਰੂਰ (ਬਾਂਸਲ)-ਕਰਜ਼ਾ-ਮੁਕਤੀ ਸੰਘਰਸ਼ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ ਸੰਘਰਸ਼ਾਂ ਨੂੰ ਲੈ ਕੇ ਸੁਨਾਮ ਬਲਾਕ ਦੇ ਪਿੰਡ ਉਗਰਾਹਾਂ, ਗੰਢੂਆਂ, ਸੈਦੇਵਾਲ ਅਤੇ ਮੋਜੋਵਾਲ ਵਿਖੇ ਜ਼ਬਰਦਸਤ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਦੀ ਅਗਵਾਈ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੁਨਾਮ ਬਲਾਕ ਦੇ ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਕੀਤੀ। ਰੈਲੀਆਂ ਨੂੰ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਆਪਣਾ ਚੋਣ ਵਾਅਦਾ ਯਾਦ ਕਰਵਾਇਆ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ ’ਚ ਆਈ ਤਾਂ ਅਸੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਾਂਗੇ। ਹੁਣ ਕੈਪਟਨ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਜੋ ਬੈਂਕਾਂ ਨੇ ਖਾਲੀ ਚੈੱਕ ਲੋਕਾਂ ਤੋਂ ਲਏ ਹਨ, ਨੂੰ ਵਾਪਸ ਕਰਵਾਉਣ ਲਈ 11 ਮਾਰਚ ਨੂੰ ਪੰਜਾਬ ਭਰ ਦੇ ਸੱਦੇ ’ਤੇ ਪੂਰੇ ਪੰਜਾਬ ’ਚ ਬੈਂਕਾਂ ਅੱਗੇ ਅਣਮਿਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ। ਸੁਨਾਮ ਬਲਾਕ ਦਾ ਧਰਨਾ ਸੁਨਾਮ ਵਿਖੇ ਲੈਂਡ ਮਾਰਟਗੇਜ ਬੈਂਕ ਅੱਗੇ ਦਿੱਤਾ ਜਾਵੇਗਾ। ਇਨ੍ਹਾਂ ਧਰਨਿਆਂ ਦੀ ਮੁੱਖ ਮੰਗ ਹੈ ਕਿ ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਕੀਤੇ ਜਾਣ। ਖਾਲੀ ਚੈੱਕਾਂ ਦੇ ਬਹਾਨੇ ਕਿਸਾਨਾਂ ਨੂੰ ਜ਼ਲੀਲ ਕਰਨਾ ਬੰਦ ਕੀਤਾ ਜਾਵੇ। ਕਰਜ਼ੇ ਬਦਲੇ ਗ੍ਰਿਫਤਾਰ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ। ਕਿਸਾਨਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ। ਇਸ ਸਮੇਂ ਬਲਾਕ ਮੀਤ ਪ੍ਰਧਾਨ ਗੁਰਭਗਤ ਸ਼ਾਹਪੁਰ, ਰਾਮਸ਼ਰਨ ਉਗਰਾਹਾਂ, ਇਕਾਈ ਪ੍ਰਧਾਨ ਅਮਰੀਕ ਗੰਢੂਆਂ, ਮਿੱਠੂ ਗੰਢੂਆਂ, ਬੱਬੂ ਗੰਢੂਆਂ, ਪਾਲ ਉਗਰਾਹਾਂ, ਭਗਵੰਤ ਮੈਦੇਵਾਸ, ਮੀਤ ਮੈਦੇਵਾਸ ਤੇ ਹਰਬੰਸ ਮੋਜੋਵਾਲ ਆਦਿ ਹਾਜ਼ਰ ਸਨ।
