ਜੇਠ ਵੱਲੋਂ ਸਕੂਲ ਨੂੰ ਜਿੰਦਰਾ ਲਾਉਣ ਕਾਰਨ ਵਿਵਾਦ ਛਿੱਡ਼ਿਆ
Tuesday, Feb 12, 2019 - 04:24 AM (IST)
ਸੰਗਰੂਰ (ਸ਼ਾਮ)- ਡੇਰਾ ਮਹੰਤ ਪ੍ਰਮਾਨੰਦ ਦੇ ਨਾਲ ਬਣੇ ਮਾਤਾ ਅਜਮੇਰ ਕੌਰ ਪਬਲਿਕ ਸਕੂਲ ਦੀ ਸੰਚਾਲਿਕਾ ਦੇ ਜੇਠ ਵੱਲੋਂ ਸਕੂਲ ਨੂੰ ਜਿੰਦਰਾ ਲਾਉਣ ਕਾਰਨ ਵਿਵਾਦ ਖਡ਼੍ਹਾ ਹੋ ਗਿਆ, ਜਿਸ ਦੇ ਰੋਸ ਵਜੋਂ ਸਕੂਲ ’ਚ ਪਡ਼੍ਹਦੇ ਬੱਚਿਆਂ ਅਤੇ ਮਾਪਿਆਂ ਵੱਲੋਂ ਸਕੂਲ ਅੱਗੇ ਰੋਸ ਪ੍ਰਗਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਸਕੂਲ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਉਸ ਸਕੂਲ ਦੀ ਸੰਚਾਲਿਕਾ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕ੍ਰਿਸ਼ਨ ਸਿੰਘ ਪੁੱਤਰ ਮਾਡ਼ਾ ਸਿੰਘ ਦੀ ਸਵਾ ਮਹੀਨਾ ਪਹਿਲਾਂ ਮੌਤ ਹੋ ਗਈ ਹੈ, ਹੁਣ ਉਸ ਦੇ ਜੇਠ ਨੇ ਸਕੂਲ ਦੀ ਮਾਲਕੀ ਉੱਤੇ ਆਪਣੀ ਦਾਅਵੇਦਾਰੀ ਜਤਾਉਂਦਿਆਂ ਸਕੂਲ ਨੂੰ ਜਿੰਦਰਾ ਮਾਰ ਦਿੱਤਾ ਹੈ ਅਤੇ ਸਕੂਲ ’ਚ ਆ ਕੇ ਉਸ ਨੇ ਪਡ਼੍ਹਾਉਣ ਵਾਲੇ ਸਟਾਫ ਦੀ ਖੂਰ ਘੱਪ ਕੀਤੀ ਅਤੇ ਉਸ ਦੀ ਕੁੱਟ-ਮਾਰ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਇਹ ਸਕੂਲ ਆਪ ਹੀ ਚਲਾ ਰਹੀ ਹੈ ਅਤੇ ਉਥੇ ਕੰਮ ਕਰਦੇ ਸਟਾਫ ਨੂੰ ਉਹ ਆਪ ਹੀ ਤਨਖਾਹ ਦਿੰਦੀ ਹੈ ਪਰ ਹੁਣ ਉਸ ਦਾ ਜੇਠ ਉਸ ਦੇ ਪਤੀ ਦੀ ਮੌਤ ਉਪਰੰਤ ਸਕੂਲ ’ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ ਹੈ, ਹੁਣ ਇਸ ਜ਼ਬਰਦਸਤੀ ਖਿਲਾਫ ਡਿਪਟੀ ਕਮਿਸ਼ਨਰ ਬਰਨਾਲਾ, ਐੱਸ. ਐੱਸ. ਪੀ. ਬਰਨਾਲਾ ਅਤੇ ਡੀ. ਐੱਸ. ਪੀ. ਤਪਾ ਨੂੰ ਸ਼ਿਕਾਇਤ ਕੀਤੀ ਹੈ। ਓਧਰ ਸਕੂਲ ’ਚ ਪਡ਼੍ਹਦੇ ਬੱਚਿਆਂ ਦੇ ਮਾਪਿਆਂ ਜਸਪ੍ਰੀਤ ਕੌਰ, ਚਰਨਜੀਤ ਕੌਰ, ਹਰਪਰੀਤ ਕੌਰ, ਗੁਰਮੇਲ ਕੌਰ, ਭੋਲੀ ਕੌਰ, ਦਿਲਜੀਤ ਕੌਰ ਆਦਿ ਨੇ ਦੋਸ਼ ਲਾਇਆ ਹੈ ਕਿ ਹੁਣ ਉਨ੍ਹਾਂ ਦੇ ਬੱਚਿਆਂ ਦੇ ਫਾਈਨਲ ਪੇਪਰ ਹੋ ਰਹੇ ਹਨ, ਜਿਸ ਕਾਰਨ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ, ਇਸ ਦੇ ਜ਼ਿੰਮੇਵਾਰ ਸੰਚਾਲਿਕਾ ਦਾ ਜੇਠ ਹੋਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਕੂਲ ਨੂੰ ਸੰਚਾਲਿਕਾ ਮਨਦੀਪ ਕੌਰ ਨੂੰ ਹੀ ਸੌਂਪਿਆ ਜਾਵੇ ਕਿਉਂਕਿ ਇਸ ਦੇ ਜੇਠ ਨੂੰ ਅਸੀਂ ਜਾਣਦੇ ਤੱਕ ਨਹੀਂ । ਥਾਣਾ ਤਪਾ ਦੀ ਇੰਚਾਰਜ ਮਹਿਲਾ ਥਾਣੇਦਾਰ ਪਰਮਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਕਿ ਮਨਦੀਪ ਕੌਰ ਸਿਵਲ ਕੋਰਟ ’ਚ ਆਪਣੀ ਦਰਖਾਸਤ ਦੇ ਸਕਦੀ ਹੈ, ਜਿਥੋਂ ਤੱਕ ਬੱਚਿਆਂ ਦੇ ਭਵਿੱਖ ਦੀ ਗੱਲ ਹੈ, ਉਸ ਦੇ ਜੇਠ ਨੇ ਪੁਲਸ ਪਾਸ ਮੰਨਿਆ ਹੈ ਕਿ ਉਹ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਕੂਲ ਦਾ ਗੇਟ ਖੋਲ੍ਹ ਦਿਆ ਕਰਨਗੇ ਅਤੇ ਛੁੱਟੀ ਉਪਰੰਤ ਬੰਦ ਕਰ ਦਿਆ ਕਰਨਗੇ ਪਰ ਅਮਨ-ਕਾਨੂੰਨ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਤੀ ਨਾਲ 14 ਸਾਲ ਤੋਂ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੀ ਸੀ ਜਦ ਕਿ ਮੇਰਾ ਜੇਠ ਇਹ ਦੋਸ਼ ਲਾ ਰਿਹਾ ਹੈ ਕਿ ਇਹ ਉਸ ਦੇ ਭਰਾ ਦੀ ਮਾਨਤਾ ਪ੍ਰਾਪਤ ਪਤਨੀ ਨਹੀਂ ਹੈ, ਜਦ ਕਿ ਉਸ ਕੋਲ ਇਕ 13 ਸਾਲ ਦਾ ਲਡ਼ਕਾ ਵੀ ਹੈ। ਸੀ.ਪੀ.ਆਈ,ਐੱਮ.ਐੱਲ ਲਿਬਰੇਸ਼ਨ ਦੇ ਸੂਬਾ ਮੈਂਬਰ ਗੁਰਪ੍ਰੀਤ ਸਿੰਘ ਰੂਡ਼ੇਕੇ ਕਲਾਂ ਦਾ ਕਹਿਣਾ ਹੈ ਕਿ ਪੁਲਸ ਵਿਧਵਾ ਔਰਤ ਦੇ ਜੇਠ ਦਾ ਪੱਖ ਕਰ ਰਹੀ ਹੈ ਅਗਰ ਪੁਲਸ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਉਹ ਖੁਦ ਜਿੰਦਰਾ ਤੋਡ਼ ਕੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਉਣਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਜਦ ਸੰਚਾਲਕ ਦੇ ਜੇਠ ਨਾਲ ਮੋਬਾਇਲ ’ਤੇ ਗੱਲ ਕਰਨੀ ਚਾਹੀ ਤਾਂ ਇਕ ਔਰਤ ਨੇ ਫੋਨ ਚੁੱਕ ਕੇ ਕਿਹਾ ਕਿ 15 ਮਿੰਟ ਬਾਅਦ ਗੱਲ ਕਰਵਾਉਂਦੀ ਹਾਂ, ਜਦ ਦੁਬਾਰਾ ਗੱਲ ਕਰਨੀ ਚਾਹੀ ਤਾਂ ਮੋਬਾਇਲ ਸਵਿੱਚ ਆਫ ਕਰ ਲਿਆ ਗਿਆ, ਜਿਸ ਤੋਂ ਸਾਫ ਪਤਾ ਲੱਗਾ ਕਿ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈ।
