ਪੰਚਾਇਤ ਨੇ ਮਤਾ ਪਾ ਕੇ ਇਕ ਕੀਤਾ ਪਿੰਡ ਦਾ ਸ਼ਮਸ਼ਾਨਘਾਟ
Thursday, Feb 07, 2019 - 04:29 AM (IST)

ਸੰਗਰੂਰ (ਵਿਕਾਸ/ਸੰਜੀਵ)-ਜਿਥੇ ਇਕ ਪਾਸੇ ਸਾਡਾ ਸਮਾਜਕ ਤਾਣਾ-ਬਾਣਾ ਜਾਤਾਂ-ਪਾਤਾਂ ਦੇ ਭੇਦ-ਭਾਵ ਵਿਚ ਉਲਝਿਆ ਪਿਆ ਹੈ, ਉਥੇ ਹੀ ਕੁਝ ਅਜਿਹੇ ਵੀ ਲੋਕ ਹਨ ਜੋ ਸਮਾਜ ਵਿਚ ਪਏ ਇਨ੍ਹਾਂ ਫਰਕਾਂ ਨੂੰ ਦੂਰ ਕਰਨ ਦਾ ਬੀਡ਼ਾ ਚੁੱਕ ਰਹੇ ਹਨ। ਬਲਾਕ ਭਵਾਨੀਗਡ਼੍ਹ ਦੇ ਪਿੰਡ ਮਾਝਾ ਵਿਖੇ ਚੁਣੀ ਗਈ ਨਵੀਂ ਪੰਚਾਇਤ ਵੱਲੋਂ ਸਮਾਜ ਨੂੰ ਸੇਧ ਦਿੰਦਿਆਂ ਪਿੰਡ ਵਿਚ ਪਹਿਲਾਂ ਬਣੇ ਦਲਿਤ ਭਾਈਚਾਰੇ ਤੇ ਜਨਰਲ ਵਰਗ ਦੇ ਦੋ ਵੱਖੋ-ਵੱਖਰੇ ਸ਼ਮਸ਼ਾਨਘਾਟਾਂ ਨੂੰ ਇਕ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਪਿੰਡ ਦੀ ਪੰਚਾਇਤ ਵੱਲੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕੀਤੀ ਗਈ ਇਸ ਪਹਿਲਕਦਮੀ ਦੀ ਇਲਾਕੇ ’ਚ ਚਰਚਾ ਹੈ ਉਥੇ ਹੀ ਪਿੰਡ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਪਿੰਡ ਦੇ ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਮਾਜ ’ਚ ਜਾਤਾਂ-ਪਾਤਾਂ ਨੂੰ ਲੈ ਕੇ ਲੋਕਾਂ ’ਚ ਊਚ-ਨੀਚ ਦੇ ਪਏ ਪਾਡ਼ੇ ਨੂੰ ਕਿਸੇ ਤਰੀਕੇ ਨਾਲ ਦੂਰ ਕੀਤਾ ਜਾਵੇ, ਜਿਸ ਤਹਿਤ ਪਿੰਡ ਦੀ ਇਕ ਸਾਂਝੀ ਇਕੱਤਰਤਾ ਕਰ ਕੇ ਸਭਨਾਂ ਦੀ ਸਹਿਮਤੀ ਤੋਂ ਬਾਅਦ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਿੰਡ ’ਚ ਇਕ ਸ਼ਮਸ਼ਾਨਘਾਟ ਰੱਖਣ ਦਾ ਫੈਸਲਾ ਕਰ ਲਿਆ ਗਿਆ, ਜਿਸ ਸਬੰਧੀ ਬਕਾਇਦਾ ਤੌਰ ’ਤੇ ਪੰਚਾਇਤ ਵੱਲੋਂ ਮਤਾ ਵੀ ਪਾਸ ਕੀਤਾ ਗਿਆ। ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰੇਕ ਪੰਚਾਇਤ ਪਿੰਡ ਵਿਚ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ। ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡ ’ਚ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਪੰਚਾਇਤ ਵੱਲੋਂ ਐੱਸ. ਸੀ. ਭਾਈਚਾਰੇ ਦੇ ਸ਼ਮਸ਼ਾਨਘਾਟ ਵਾਲੀ ਜਗ੍ਹਾ ਵਿਚ ਪਾਣੀ ਦੀ ਟੈਂਕੀ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੰਚ, ਜੋਗਿੰਦਰ ਸਿੰਘ ਪੰਚ,ਅਵਤਾਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਕਾਲਾ ਸਾਬਕਾ ਸਰਪੰਚ, ਰਸ਼ਪਾਲ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਨਵਦੀਪ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ ਗੋਗੀ, ਹਰੀ ਰਾਮ, ਅਮਰੀਕ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ, ਹਰੀ ਸਿੰਘ, ਗੁਰਜੀਤ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਗੁਰਦੀਪ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।