ਚਰਚਿਤ ''ਵਿਧੂ ਜੈਨ ਕਤਲਕਾਂਡ'' : ਵਿਧੂ ਜੈਨ ਦੇ ਮਾਪਿਆਂ ਨੂੰ ਸੁਖਬੀਰ ਨਾਲ ਮਿਲਣ ਤੋਂ ਰੋਕਿਆ

Wednesday, Apr 24, 2019 - 10:20 AM (IST)

ਚਰਚਿਤ ''ਵਿਧੂ ਜੈਨ ਕਤਲਕਾਂਡ'' : ਵਿਧੂ ਜੈਨ ਦੇ ਮਾਪਿਆਂ ਨੂੰ ਸੁਖਬੀਰ ਨਾਲ ਮਿਲਣ ਤੋਂ ਰੋਕਿਆ

ਸੰਗਰੂਰ,(ਬੇਦੀ) : ਮੰਗਲਵਾਰ ਨੂੰ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਵਰਕਰ ਮਿਲਣੀ ਕਰਨ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਸਥਿਤੀ ਉਦੋਂ ਗੰਭੀਰ ਬਣ ਗਈ, ਜਦੋਂ ਮਾਲੇਰਕੋਟਲਾ ਦੇ ਚਰਚਿਤ 'ਵਿਧੂ ਜੈਨ ਕਤਲ ਕਾਂਡ' ਦੇ ਪੀੜਤ ਵਿਧੂ ਜੈਨ ਦੇ ਪਰਿਵਾਰਕ ਮੈਂਬਰਾਂ ਨੂੰ ਸੁਖਬੀਰ ਬਾਦਲ ਦੇ ਸੁਰੱਖਿਆ ਦਸਤੇ ਨੇ ਮਿਲਣ ਤੋਂ ਰੋਕ ਦਿੱਤਾ। ਵਾਰ-ਵਾਰ ਸੁਖਬੀਰ ਨੂੰ ਮਿਲਣ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ਨੇ ਨਿਰਾਸ਼ ਹੋ ਕੇ ਆਪਣਾ ਗੁੱਸਾ ਮੀਡੀਆ ਅੱਗੇ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵਿਧੂ ਜੈਨ ਨੂੰ ਕੁਝ ਸਾਲ ਰਹੱਸਮਈ ਢੰਗ ਨਾਲ ਅੱਗ ਲਾ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵਲੋਂ ਕੁਝ ਸਮੇਂ ਬਾਅਦ ਪ੍ਰੈੱਸਕਾਨਫਰੰਸ ਕਰ ਕੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਾਤਲਾਂ ਦੇ ਬਹੁਤ ਨੇੜੇ ਪੁੱਜ ਚੁੱਕੇ ਹਨ ਪਰ ਅੱਜ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਦੇ ਕਾਤਲ ਗ੍ਰਿਫਤਾਰ ਨਹੀਂ ਕੀਤੇ ਗਏ ਹਨ। ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸਾਰੇ ਆਗੂਆਂ ਤੱਕ ਪਹੁੰਚ ਕੀਤੀ ਗਈ, ਇਥੋਂ ਤਕ ਕਿ ਉਹ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਪਰ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਸਕਿਆ।

ਪੀੜਤ ਪਰਿਵਾਰ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸੰਗਰੂਰ ਵਿਖੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਵਰਕਰ ਮਿਲਣੀ ਕਰਨ ਆ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਮਿਲਣ ਪਹੁੰਚੇ। ਜਦੋਂ ਬਾਦਲ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਦਸਤੇ ਨੇ ਉਨ੍ਹਾਂ ਨੂੰ ਦੋ ਵਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਲਈ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਚੁੱਕੇ ਹਨ। ਉਹ ਇਨਸਾਫ ਦੀ ਗੁਹਾਰ ਸਾਰੇ ਹੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਲਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਲੇ ਤਕ ਕੋਈ ਇਨਸਾਫ ਨਹੀਂ ਮਿਲਿਆ। ਇਹ ਕੇਸ ਸੀ. ਬੀ. ਆਈ. ਜਾਂਚ ਤੋਂ ਬਾਅਦ ਵੀ ਉਥੇ ਦਾ ਉਥੇ ਹੀ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਵਰਕਰ ਮਿਲਣੀ ਤੋਂ ਬਾਅਦ ਇਸ ਸਬੰਧੀ ਸੁਖਬੀਰ ਬਾਦਲ ਪਰਿਵਾਰ ਨਾਲ ਮੁਲਾਕਾਤ ਕਰਨ ਲੱਗੇ ਤਾਂ ਇਕ ਵਾਰ ਫਿਰ ਸੁਖਬੀਰ ਬਾਦਲ ਦੇ 'ਸੁਰੱਖਿਆ ਦਸਤੇ' ਨੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਜਬਰਨ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਈ।


author

cherry

Content Editor

Related News